ਮੈਲਬਰਨ : ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ, ਅਤੇ ਟਰੈਕਟਰਾਂ ਦਾ ਰਾਜਾ, ਯਾਨੀਕਿ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ, ਆਸਟ੍ਰੇਲੀਆ ਵਿੱਚ ਹੈ। ਪਿੱਛੇ ਜਿਹੇ ਹੀ ਇਸ ਵਿਸ਼ਾਲ ਟਰੈਕਟਰ ਦਾ ਪਹਿਲਾ ਜਨਮਦਿਨ ਮਨਾਇਆ ਗਿਆ। ਇਹ ਟਰੈਕਟਰ ਵੈਸਟਰਨ ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ 300 ਕਿਲੋਮੀਟਰ ਨੌਰਥ ਵਿੱਚ Carnamah ਟਾਊਨ ਵਿੱਚ ਸਥਿਤ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਟਰੈਕਟਰਾਂ ਦੇ ਇਸ ਰਾਜੇ ਦੀ ਦਿੱਖ ਦਿਲਕਸ਼ ਹੈ ਅਤੇ ਪ੍ਰਭਾਵਸ਼ਾਲੀ ਦਿੱਖ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਦੀ ਗੱਦੀ ਉੱਤੇ ਬੈਠਣ ਲਈ ਨਾਲ ਬਣੀ ਹੋਈ ਪੌੜੀ ਰਾਹੀਂ ਚੜ੍ਹਨਾ-ਉੱਤਰਨਾ ਪੈਂਦਾ ਹੈ। ਵੱਡੇ ਅਕਾਰ ਵਾਲਾ ਸੰਤਰੀ ਰੰਗ ਦਾ ਟਰੈਕਟਰ ਇੱਕ ਸਾਲ ਅੰਦਰ ਹੀ Carnamah ਦੀ ਸ਼ਾਨ ਬਣ ਚੁੱਕਾ ਹੈ। ਇਸ ਦੇ ਆਕਰਸ਼ਣ ਕਾਰਨ Carnamah ’ਚ ਸੈਰ-ਸਪਾਟਾ ਲਗਾਤਾਰ ਵਧ ਰਿਹਾ ਹੈ।
ਬਿਗ ਟਰੈਕਟਰ ਕਮੇਟੀ ਦੇ ਚੇਅਰਮੈਨ Brendon Haeusler ਦਾ ਕਹਿਣਾ ਹੈ ਕਿ ਵਿਸ਼ਾਲ ਟਰੈਕਟਰ ਨੂੰ ਦੇਖਣ ਤੇ ਇਸ ਨਾਲ ਫੋਟੋ ਖਿਚਵਾਉਣ ਵਾਲੇ ਸੈਲਾਨੀ ਆਪਣੀ ਸ਼ਾਨ ਸਮਝਦੇ ਹਨ। ਟਰੈਕਟਰ ਨੂੰ ਦੇਖਣ ਲਈ ਆਉਣ ਵਾਲੇ ਸੈਲਾਨੀ ਟਾਊਨ ਵਿਚ ਖਰੀਦਦਾਰੀ ਵੀ ਕਰਦੇ ਹਨ। ਸਥਾਨਕ ਲੋਕ ਜੋ ਕੱਪੜਿਆਂ ਦੀਆਂ ਸਿਲਾਈ-ਕਢਾਈ ਵਾਲੀਆਂ ਕਮੀਜ਼ਾਂ, ਸਕਾਫ, ਮਫਲਰ ਅਤੇ ਟੋਪੀਆਂ ਆਦਿ ਨੂੰ ਵੇਚਦੇ ਹਨ, ਦੇ ਕਾਰੋਬਾਰ ਨੂੰ ਹੁਲਾਰਾ ਮਿਲਿਆ ਹੈ। ਹਰ ਹਫ਼ਤੇ merchandise sales ਨਾਲ ਹੀ 750 ਡਾਲਰ ਦੀ ਕਮਾਈ ਹੋ ਰਹੀ ਹੈ। ਨਾਲ ਹੀ ਸੈਂਕੜੇ ਡਾਲਰ ਡੋਨੇਸ਼ਨ ਵੀ ਮਿਲ ਰਹੀ।
ਇਸ ਤੋਂ ਪਹਿਲਾਂ ਸੱਭ ਤੋਂ ਵੱਡਾ ਟਰੈਕਟਰ ਅਮਰੀਕਾ ਵਿਚ ‘ਬਿੱਗ ਬਡ 747’ ਸੀ। ਪਿਛਲੇ ਸਾਲ ਆਸਟਰੇਲੀਆ ਦੇ ਇਸ ਵੱਡੇ ਟਰੈਕਟਰ ਨਿਰਮਾਣ ਤੋਂ ਬਾਅਦ ਹੁਣ ਇਹ ਸੰਸਾਰ ’ਚ ਸੱਭ ਤੋਂ ਵੱਡਾ ਟਰੈਕਟਰ ਬਣ ਗਿਆ ਹੈ। ਇਸ ਨੂੰ ਪਿਛਲੇ ਸਾਲ 5 ਅਕਤੂਬਰ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਇਹ ਟਰੈਕਟਰ 11.5 ਮੀਟਰ ਉੱਚਾ, 16 ਮੀਟਰ ਲੰਮਾ ਅਤੇ 42 ਟਨ ਵਜ਼ਨੀ ਹੈ। ਇਹ 1949 ’ਚ ਬਣਾਏ ਵੈਸਟਰਨ ਆਸਟ੍ਰੇਲੀਆ ਦੇ ਪਹਿਲੇ ਟਰੈਕਟਰ Chamberlain 40K ਦੀ ਵਿਸ਼ਾਲ ਨਕਲ ਹੈ। ਛੇਤੀ ਹੀ ਆਕਾਰ ਦੀ ਤੁਲਨਾ ਲਈ Chamberlain 40K ਨੂੰ ਵੀ ਸਟੈਚੂ ਦੇ ਨਾਲ ਖੜ੍ਹਾ ਕੀਤਾ ਜਾਵੇਗਾ। ਇਸ ਦੇ ਨਿਰਮਾਣ ’ਤੇ ਕਰੀਬ ਛੇ ਸਾਲ ਲੱਗੇ। ਇਸ ਨੂੰ DIAB Engineering ਨੇ 654,000 ਡਾਲਰ ਦੀ ਲਾਗਤ ਨਾਲ ਬਣਾਇਆ ਸੀ। ਇਸ ਦਾ ਨਿਰਮਾਣ ਸਥਾਨਕ ਭਾਈਚਾਰੇ ਵੱਲੋਂ ਦਾਨ ਕੀਤੀ ਰਕਮ ਨਾਲ ਹੋਇਆ ਹੈ। ਇਹ ਖੇਤੀਬਾੜੀ ਉਪਕਰਣਾਂ ਦੇ ਨਿਰਮਾਣ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਇਤਿਹਾਸਕ ਯੋਗਦਾਨ ਨੂੰ ਦਰਸਾਉਂਦਾ ਹੈ।





