ਆਸਟ੍ਰੇਲੀਆ ’ਚ ਮੁੜ ਇਮੀਗ੍ਰੇਸ਼ਨ ਵਿਰੁਧ ਪ੍ਰਦਰਸ਼ਨ, ਮੈਲਬਰਨ ਵਿਚ ਹਿੰਸਾ, ਦੋ ਪੁਲਿਸ ਮੁਲਾਜ਼ਮ ਜ਼ਖ਼ਮੀ

ਮੈਲਬਰਨ : ਮੈਲਬਰਨ ਵਿੱਚ ਐਤਵਾਰ ਨੂੰ ਇਮੀਗ੍ਰੇਸ਼ਨ ਦੇ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਵਿਚਕਾਰ ਝੜਪਾਂ ਦੌਰਾਨ ਵਿਕਟੋਰੀਆ ਪੁਲਿਸ ਦੇ ਦੋ ਅਧਿਕਾਰੀ ਜ਼ਖਮੀ ਹੋ ਗਏ। ਇਕ ਪੁਲਿਸ ਵਾਲੇ ਦਾ ਹੱਥ ਟੁੱਟ ਗਿਆ। ਇਕ ਹੋਰ ਦੀ ਲੱਤ ’ਤੇ ਮਾਸ ਨੂੰ ਕੱਟ ਵੱਜਾ। ਪੁਲਿਸ ਨੂੰ ਪੱਥਰਬਾਜ਼ੀ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਇੱਕ ਵਿਅਕਤੀ ਨੂੰ ਮਹਿਲਾ ਪੁਲਿਸ ’ਤੇ ਹਮਲਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ। ਹੋਰ ਗ੍ਰਿਫ਼ਤਾਰੀਆਂ ਲਈ ਅਗਲੇਰੀ ਜਾਂਚ ਜਾਰੀ ਹੈ।

“ਮਾਰਚ ਫਾਰ ਆਸਟ੍ਰੇਲੀਆ” ਰੈਲੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਹਿੰਸਾ ਹੋਈ। ਹਿੰਸਾ ਦੌਰਾਨ ਪੱਥਰਬਾਜ਼ੀ, ਝੰਡੇ ਅਤੇ ਬੈਨਰ ਸਾੜਨ ਵਰਗੀਆਂ ਕਾਰਵਾਈਆਂ ਹੋਈਆਂ ਅਤੇ ਪੁਲਿਸ ਵੱਲੋਂ ਭੀੜ ਨੂੰ ਕਾਬੂ ਕਰਨ ਦੇ ਉਪਾਅ ਕੀਤੇ ਗਏ। ਕਮਾਂਡਰ Wayne Cheeseman ਨੇ ਸੱਟਾਂ ਦਾ ਵੇਰਵਾ ਦਿੰਦਿਆਂ ਹਮਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪੁਲਿਸ ਨੂੰ ਜਵਾਬੀ ਪ੍ਰਦਰਸ਼ਨਕਾਰੀਆਂ ਦੇ ਹਮਲਾਵਰ ਵਿਵਹਾਰ ਦਾ ਸਾਹਮਣਾ ਕਰਨਾ ਪਿਆ। ਪਰ “ਮਾਰਚ ਫਾਰ ਆਸਟ੍ਰੇਲੀਆ” ਸ਼ਾਂਤ ਰਿਹਾ। ਉਨ੍ਹਾਂ ਕਿਹਾ ਕਿ 1000 ਦੇ ਲਗਭਗ ਪ੍ਰਦਰਸ਼ਨਕਾਰੀ ਮੈਲਬਰਨ ਦੀਆਂ ਸੜਕਾਂ ’ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਪੁਲਿਸ ਦਾ ਸਮਰਥਨ ਮਿਲੇਗਾ ਪਰ ਸੁਰੱਖਿਆ ਚਿੰਤਾਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਵਿਰੋਧੀ ਰੈਲੀ ਕਰਨ ਵਾਲਿਆਂ ਵਲੋਂ ਨਸਲਵਾਦ ਦੀਆਂ ਸਾਜ਼ਸ਼ਾਂ ਫੈਲਾਏ ਜਾਣ ਵਿਰੁਧ ਵੀ ਜਾਂਚ ਜਾਰੀ ਹੈ।

ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੋਏ, ਸਿਡਨੀ ਅਤੇ ਬ੍ਰਿਸਬੇਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਪਰ ਹਿੰਸਾ ਦੀਆਂ ਘੱਟ ਘਟਨਾਵਾਂ ਹੋਈਆਂ। ਵਿਕਟੋਰੀਆ ਪੁਲਿਸ ਨੇ ਕਿਸੇ ਵੀ ਨਸਲਵਾਦੀ ਬਿਆਨਬਾਜ਼ੀ ਦੀ ਜਾਂਚ ਕਰਨ ਅਤੇ ਅਜਿਹੇ ਵਿਵਹਾਰ ਲਈ ਬਿਲਕੁਲ ਸਹਿਣਸ਼ੀਲਤਾ ਨਾ ਰੱਖਣ ਦਾ ਵਾਅਦਾ ਕੀਤਾ।