ਮੈਲਬਰਨ : ਆਸਟ੍ਰੇਲੀਆ ਦੇ ਮੌਸਮ ਵਿਭਾਗ (BoM) ਨੇ ਚੇਤਾਵਨੀ ਦਿੱਤੀ ਹੈ ਕਿ ਇਸ ਵਾਰੀ ਗਰਮੀ ਦਾ ਮੌਸਮ ਰਿਕਾਰਡ ਤੋੜ ਹੋ ਸਕਦਾ ਹੈ। ਵਿਭਾਗ ਦੇ ਅਨੁਸਾਰ ਨਵੰਬਰ ਤੋਂ ਜਨਵਰੀ ਤੱਕ ਦੇ ਦੌਰਾਨ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ’ਚ ਦਿਨ ਤੇ ਰਾਤ ਦੋਵੇਂ ਸਮਿਆਂ ਦੇ ਤਾਪਮਾਨ 60 ਤੋਂ 80 ਪ੍ਰਤੀਸ਼ਤ ਤੱਕ ਉੱਚੇ ਰਹਿਣ ਦੀ ਸੰਭਾਵਨਾ ਹੈ।
ਕੇਂਦਰੀ ਵਿਕਟੋਰੀਆ ਅਤੇ ਤਸਮਾਨੀਆ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਰਹਿਣ ਦੀ ਉਮੀਦ ਹੈ, ਜਿੱਥੇ ਤਾਪਮਾਨ ਵਿੱਚ ਰਿਕਾਰਡ ਵਾਧਾ ਅਤੇ ਸੁੱਕਾ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਉੱਤਰੀ ਤੇ ਪੂਰਬੀ ਆਸਟ੍ਰੇਲੀਆ ਵਿੱਚ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਵੀ ਆ ਸਕਦੇ ਹਨ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗਰਮੀ ਦੇ ਇਸ ਅਸਧਾਰਣ ਮੌਸਮ ਲਈ ਤਿਆਰ ਰਹਿਣ, ਘਰਾਂ ਵਿੱਚ ਠੰਢਕ ਬਣਾਈ ਰੱਖਣ ਦੇ ਉਪਾਅ ਕਰਨ ਅਤੇ ਬੁਜ਼ੁਰਗਾਂ, ਬੱਚਿਆਂ ਅਤੇ ਪਸ਼ੂਆਂ ਦੀ ਵਿਸ਼ੇਸ਼ ਸੰਭਾਲ ਕਰਨ।
ਪਿਛਲੇ ਕੁਝ ਸਾਲਾਂ ਦੇ ਰਿਕਾਰਡਾਂ ਦੇ ਮੁਕਾਬਲੇ, ਇਸ ਵਾਰੀ ਗਰਮੀ ਦਾ ਪ੍ਰਭਾਵ ਹੋਰ ਵੱਧ ਗੰਭੀਰ ਹੋ ਸਕਦਾ ਹੈ। ਵਿਗਿਆਨੀਆਂ ਦੇ ਮੁਤਾਬਕ, ਇਹ ਹਾਲਾਤ ਐਲ ਨੀਨੋ ਅਤੇ ਗ੍ਰੀਨਹਾਊਸ ਗੈਸਾਂ ਦੇ ਮਿਲੇ-ਜੁਲੇ ਪ੍ਰਭਾਵ ਕਾਰਨ ਪੈਦਾ ਹੋ ਰਹੇ ਹਨ।
ਅੱਜ ਟੁੱਟ ਸਕਦਾ ਹੈ ਅਕਤੂਬਰ ਮਹੀਨੇ ਦੀ ਗਰਮੀ ਦਾ ਰਿਕਾਰਡ
ਇਸ ਹਫ਼ਤੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਵਾਸੀਆਂ ਨੂੰ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿਊ ਸਾਊਥ ਵੇਲਜ਼, ACT, ਕੁਈਨਜ਼ਲੈਂਡ ਅਤੇ ਸਾਊਥ ਆਸਟ੍ਰੇਲੀਆ ਵਿੱਚ ਗਰਮੀ ਦਾ ਰਿਕਾਰਡ ਟੁੱਟ ਸਕਦੇ ਹਨ ਕਿਉਂਕਿ ਵੈਦਰਜ਼ੋਨ ਮੁਤਾਬਕ ਤਾਪਮਾਨ 45 ਡਿਗਰੀ ਦੇ ਆਸਪਾਸ ਪਹੁੰਚ ਸਕਦਾ ਹੈ। ਸਾਊਥ ਆਸਟ੍ਰੇਲੀਆ ਦੇ Oodnadatta ’ਚ ਤਾਪਮਾਨ ਅੱਜ 46 ਡਿਗਰੀ ਤਕ ਪਹੁੰਚਣ ਦੀ ਸੰਭਾਵਨਾ ਹੈ। ਇੱਥੇ ਪਿਛਲੇ ਗਰਮੀ ਦਾ ਰਿਕਾਰਡ 45.4 ਡਿਗਰੀ ਸੀ। ਕੁਈਨਜ਼ਲੈਂਡ ਦੇ ਸਾਊਥ-ਵੈਸਟ ਵਿਚ ਤਾਪਮਾਨ 45 ਡਿਗਰੀ ਤਕ ਪਹੁੰਚਣ ਦੀ ਉਮੀਦ ਹੈ ਜੋ ਸਟੇਟ ਲਈ ਅਕਤੂਬਰ ਦਾ ਸਭ ਤੋਂ ਗਰਮ ਦਿਨ ਹੋ ਸਕਦਾ ਹੈ। NSW ਦਾ ਅਕਤੂਬਰ ਦਾ ਸਭ ਤੋਂ ਵੱਧ ਤਾਪਮਾਨ ਦਾ ਰਿਕਾਰਡ 43.9 ਡਿਗਰੀ ਹੈ। ਇੱਥੇ ਅੱਜ ਤਾਪਮਾਨ 43 ਡਿਗਰੀ ਤਕ ਪਹੁੰਚਣ ਦੀ ਭਵਿੱਖਬਾਣੀ ਹੈ। ACT ਵਿੱਚ ਤਾਪਮਾਨ ਸੋਮਵਾਰ ਨੂੰ 32 ਡਿਗਰੀ ਤਕ ਪਹੁੰਚ ਸਕਦਾ ਹੈ। ਇੱਥੇ ਗਰਮੀ ਦਾ ਰਿਕਾਰਡ 32.7 ਡਿਗਰੀ ਹੈ। ਹਾਲਾਂਕਿ ਵੀਕਐਂਡ ’ਚ ਦੇਸ਼ ਦੇ ਕੁੱਝ ਹਿੱਸਿਆਂ ’ਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।