ਆਸਟ੍ਰੇਲੀਅਨ Madeleine Habib ਨੂੰ ਇਜ਼ਰਾਈਲ ਨੇ ਅਣਮਿੱਥੇ ਸਮੇਂ ਲਈ ਨਜ਼ਰਬੰਦੀ ’ਚ ਰੱਖਿਆ

ਮੈਲਬਰਨ : ਆਸਟ੍ਰੇਲੀਆ ਦੀ ਇੱਕ ਔਰਤ Madeleine Habib ਨੂੰ ਇਜ਼ਰਾਈਲ ਨੇ ਅਣਮਿੱਥੇ ਸਮੇਂ ਲਈ ਨਜ਼ਰਬੰਦੀ ’ਚ ਰੱਖ ਲਿਆ ਹੈ, ਜਦੋਂ ਤੱਕ ਉਹ ਉਲੰਘਣਾ ਨੂੰ ਸਵੀਕਾਰ ਕਰਨ ਵਾਲੀ ਮਾਫ਼ੀ ਦੇ ਪੱਤਰ ’ਤੇ ਆਪਣੇ ਦਸਤਖਤ ਨਹੀਂ ਕਰਦੀ। ਤਸਮਾਨੀਆ ਵਾਸੀ Habib ਨੂੰ 8 ਅਕਤੂਬਰ ਨੂੰ ਇਜ਼ਰਾਈਲੀ ਫੌਜਾਂ ਨੇ Conscience ਨਾਂ ਦੇ ਸਮੁੰਦਰੀ ਜਹਾਜ਼ ਦੀ ਕਪਤਾਨੀ ਕਰਦੇ ਹੋਏ ਗ੍ਰਿਫਤਾਰ ਕੀਤਾ ਸੀ, ਜੋ ਕਿ ਗਾਜ਼ਾ ਵਿੱਚ ਇਜ਼ਰਾਈਲ ਦੀ ਸਮੁੰਦਰੀ ਫ਼ੌਜ ਦੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਫਲਸਤੀਨੀ ਸਮਰਥਕ ਸਹਾਇਤਾ ‘ਫਲੋਟਿਲਾ’ ਦਾ ਹਿੱਸਾ ਸੀ। ਉਸ ਨੂੰ Ketziot ਜੇਲ੍ਹ ਵਿੱਚ ਰੱਖਿਆ ਗਿਆ ਹੈ।

ਪਿਛਲੇ ਮਾਮਲਿਆਂ ਦੇ ਉਲਟ, ਮੁਆਫੀ ਮੰਗਣ ਤੋਂ ਇਨਕਾਰ ਕਰਨ ਵਾਲੇ ਨਜ਼ਰਬੰਦੀਆਂ ਨੂੰ 72 ਘੰਟਿਆਂ ਬਾਅਦ ਡਿਪੋਰਟ ਨਹੀਂ ਕੀਤਾ ਜਾ ਰਿਹਾ। ਹਬੀਬ ਨੇ ਕਿਹਾ ਕਿ ਉਸ ਨੂੰ ਘਟੀਆ ਹਾਲਾਤ ਵਿੱਚ ਰੱਖਿਆ ਜਾ ਰਿਹਾ ਹੈ, ਪਰ ਕੋਈ ਸਰੀਰਕ ਸ਼ੋਸ਼ਣ ਨਹੀਂ ਕੀਤਾ ਗਿਆ। ਆਸਟ੍ਰੇਲੀਆਈ ਅਧਿਕਾਰੀਆਂ ਨੇ ਕੌਂਸਲਰ ਸਹਾਇਤਾ ਪ੍ਰਦਾਨ ਕੀਤੀ ਹੈ ਪਰ ਗੁਪਤਤਾ ਦਾ ਹਵਾਲਾ ਦਿੱਤਾ ਹੈ। ਅਸਥਾਈ ਤੌਰ ’ਤੇ ਐਤਵਾਰ ਨੂੰ ਉਸ ਦੀ ਰਿਹਾਈ ਦੀ ਉਮੀਦ ਕੀਤੀ ਜਾ ਰਹੀ ਹੈ।