ਮੈਲਬਰਨ : ਅੱਜ ਫੈਡਰਲ ਸੰਸਦ ਵਿੱਚ ਬੇਬੀ ਪ੍ਰਿਆ ਬਿਲ ਪੇਸ਼ ਕਰ ਦਿੱਤਾ ਗਿਆ। ਬੇਬੀ ਪ੍ਰਿਆ ਦਾ ਬਿੱਲ ਮਾਪਿਆਂ ਨੂੰ ਉਹ ਹਮਦਰਦੀ ਅਤੇ ਸਹਾਇਤਾ ਦੇਵੇਗਾ ਜਿਸ ਦੇ ਉਹ ਹੱਕਦਾਰ ਹਨ। ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਬੱਚੇ ਦੀ ਬੇਵਕਤੀ ਮੌਤ ‘ਤੇ ਸੋਗ ਕਰ ਰਹੇ ਕਿਸੇ ਵੀ ਮਾਪੇ ਨੂੰ ਜਲਦੀ ਕੰਮ ‘ਤੇ ਵਾਪਸ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਜਾਂ ਉਨ੍ਹਾਂ ਨੂੰ ਵਿੱਤੀ ਤਣਾਅ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਬਿੱਲ ਬਾਰੇ ਜਾਣਕਾਰੀ ਦਿੰਦਿਆਂ PM Anthony Albanese ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਜਿਸ ਵਿੱਚ ਉਨ੍ਹਾਂ ਨੇ ਪ੍ਰਿਆ ਦੀ ਮਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਪੋਸਟ ਵਿੱਚ ਉਨ੍ਹਾਂ ਕਿਹਾ, ‘‘ਆਪਣੀ ਬੱਚੀ ਪ੍ਰਿਆ ਨੂੰ ਗੁਆਉਣ ਤੋਂ ਬਾਅਦ, ਉਸ ਦੇ ਮਾਪਿਆਂ ਨੂੰ ਇੱਕ ਹੋਰ ਝਟਕਾ ਲੱਗਿਆ। ਉਸ ਦੀ ਮਾਂ ਦੀ ਪੇਰੈਂਟਲ ਛੁੱਟੀ ਰੱਦ ਕਰ ਦਿੱਤੀ ਗਈ ਸੀ ਜਦੋਂ ਉਹ ਅਜੇ ਵੀ ਸੋਗ ਵਿੱਚ ਸਨ। ਦਿਲ ਟੁੱਟਣ ਦੇ ਸਮੇਂ, ਮਾਪਿਆਂ ਨੂੰ ਅਚਾਨਕ ਉਨ੍ਹਾਂ ਦੇ ਮਾਲਕ ਵੱਲੋਂ ਇਹ ਨਹੀਂ ਦੱਸਿਆ ਜਾਣਾ ਚਾਹੀਦਾ ਕਿ ਕੰਮ ’ਤੇ ਵਾਪਸ ਜਾਣ ਦਾ ਸਮਾਂ ਆ ਗਿਆ ਹੈ। ਇਸ ਲਈ ਅੱਜ ਅਸੀਂ ਬੇਬੀ ਪ੍ਰਿਆ ਦਾ ਬਿੱਲ ਪੇਸ਼ ਕੀਤਾ ਹੈ – ਬੱਚੇ ਦੇ ਗੁਆਉਣ ਤੋਂ ਬਾਅਦ ਮਾਪਿਆਂ ਨੂੰ ਵਿੱਤੀ ਨਿਸ਼ਚਿਤਤਾ ਦੇਣਾ।’’ ਪੋਸਟ ਅਨੁਸਾਰ ਪ੍ਰਿਆ ਦੀ ਮਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ, ‘‘ਕਾਨੂੰਨ ਉਸ ਦੇ ਨਾਮ ’ਤੇ ਹੈ। ਹੁਣ ਪ੍ਰਿਆ ਹਮੇਸ਼ਾ ਜੀਉਂਦੀ ਰਹੇਗੀ।’’
ਆਸਟ੍ਰੇਲੀਅਨ ਸਰਵਿਸਿਜ਼ ਯੂਨੀਅਨ NSW ਅਤੇ ACT ਦੇ ਸਕੱਤਰ Angus McFarland ਨੇ ਵੀ ਇੱਕ ਬਿਆਨ ਜਾਰੀ ਕਰ ਕੇ ਕਿਹਾ, ‘‘ਸਾਡੀ ਯੂਨੀਅਨ ਅੱਜ ਫੈਡਰਲ ਸੰਸਦ ਵਿੱਚ ਪੇਸ਼ ਕੀਤੇ ਜਾ ਰਹੇ ਬੇਬੀ ਪ੍ਰਿਆ ਦੇ ਬਿੱਲ ਦਾ ਸਵਾਗਤ ਕਰਦੀ ਹੈ। ਇਹ ਮਹੱਤਵਪੂਰਣ ਬਿੱਲ ਇਹ ਯਕੀਨੀ ਕਰੇਗਾ ਕਿ ਸਾਡੇ ਮੈਂਬਰਾਂ ਸਮੇਤ ਉਨ੍ਹਾਂ ਵਰਕਰਜ਼ ਨੂੰ ਵੀ ਇੰਪਲੋਇਅਰ-ਪੇਡ ਪੇਰੈਂਟਲ ਛੁੱਟੀ ਦੀ ਗਰੰਟੀ ਦਿੱਤੀ ਜਾਵੇ ਜੇਕਰ ਉਨ੍ਹਾਂ ਦੇ ਬੱਚੇ ਦੀ ਜਨਮ ਤੋਂ ਬਾਅਦ ਛੇਤੀ ਮੌਤ ਹੋ ਜਾਂਦੀ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਬੇਬੀ ਪ੍ਰਿਆ ਦੇ ਮਾਪਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਹਿੰਮਤ ਨਾਲ ਇਹ ਯਕੀਨੀ ਬਣਾਉਣ ਦੀ ਵਕਾਲਤ ਕੀਤੀ ਹੈ ਕਿ ਕਿਸੇ ਵੀ ਹੋਰ ਮਾਪੇ ਨੂੰ ਆਪਣੀ ਤਨਖਾਹ ਵਾਲੀ ਪੇਰੈਂਟਲ ਛੁੱਟੀ ਰੱਦ ਕਰਨ ਅਤੇ ਬੱਚੇ ਨੂੰ ਗੁਆਉਣ ਤੋਂ ਬਾਅਦ ਜਲਦੀ ਕੰਮ ’ਤੇ ਵਾਪਸ ਆਉਣ ਦੀ ਅਨਿਸ਼ਚਿਤਤਾ ਦਾ ਸਾਹਮਣਾ ਨਾ ਕਰਨਾ ਪਵੇ।’’