ਇਕ ਸਾਲ ’ਚ 12 ਹਜ਼ਾਰ ਤੋਂ ਵੱਧ ਆਸਟ੍ਰੇਲੀਅਨ ਲੋਕ ਹੋਏ ਖ਼ਾਕੀ ਨੰਗ!

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ, ਕਰਜ਼ੇ ਦੇ ਘਰਾਂ, ਕਾਰੋਬਾਰੀ ਥਾਵਾਂ ਦੇ ਵਧਦੇ ਕਿਰਾਏ ਦੀ ਸੱਟ ਹੁਣ ਸਿੱਧੀ ਲੋਕਾਂ ਦੀ ਜੇਬ ’ਤੇ ਵੱਜਣ ਲੱਗੀ ਹੈ। ਤਾਜ਼ਾ ਅੰਕੜਿਆਂ ਅਨੁਸਾਰ 2024–25 ਦੇ ਵਿੱਤੀ ਸਾਲ ’ਚ 12,257 ਆਸਟ੍ਰੇਲੀਅਨ ਲੋਕਾਂ ਨੇ ਨਿੱਜੀ ਦਿਵਾਲੀਆਪਨ (Personal Insolvency) ਦਾ ਰਾਹ ਫੜਿਆ — ਜਿਸ ਵਿੱਚ ਬੈਂਕਰਪਸੀ, ਕਰਜ਼ਾ ਸਮਝੌਤੇ (Debt Agreements) ਅਤੇ ਹੋਰ ਇੰਤਜ਼ਾਮ ਸ਼ਾਮਲ ਹਨ। ਇਹ ਅੰਕੜਾ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ।

ਆਰਥਿਕ ਮਾਹਰ ਕਹਿੰਦੇ ਹਨ ਕਿ ਇਹ ਹਾਲਾਤ ‘ਵਿਆਜ ਦੀਆਂ ਉੱਚ ਦਰਾਂ, ਘਰਾਂ ਤੇ ਕਾਰੋਬਾਰੀ ਥਾਵਾਂ ਦੇ ਕਿਰਾਏ ਵਿੱਚ ਹੋਏ ਅਥਾਹ ਵਾਧੇ ਅਤੇ ਕਰਜ਼ੇ ਦੇ ਬੋਝ’ ਕਾਰਨ ਪੈਦਾ ਹੋਏ ਹਨ। ਕਈ ਘਰ ਮਾਲਕਾਂ ਲਈ ਮਾਸਿਕ ਕਿਸ਼ਤਾਂ ਭਰਨਾ ਮੁਸ਼ਕਲ ਹੋ ਗਿਆ ਹੈ, ਜਦਕਿ ਕਿਰਾਏਦਾਰਾਂ ਨੂੰ ਕਈ ਥਾਵਾਂ ’ਤੇ 20 ਫ਼ੀਸਦੀ ਤੱਕ ਵਾਧਾ ਸਹਿਣਾ ਪੈ ਰਿਹਾ ਹੈ।

ਛੋਟੇ ਕਾਰੋਬਾਰੀ ਵੀ ਘਾਟੇ ’ਚ ਹਨ — ਨਕਦੀ ਦਾ ਚੱਕਰ ਟੁੱਟ ਰਿਹਾ ਹੈ ਤੇ ਕਰਜ਼ੇ ਚੁਕਾਉਣ ਦੀ ਸਮਰਥਾ ਘਟ ਰਹੀ ਹੈ। ਇੱਕ ਮੈਲਬਰਨ ਸਥਿਤ ਆਰਥਿਕ ਮਾਹਰ ਦੇ ਸ਼ਬਦਾਂ ’ਚ — “ਹੁਣ ਕਈ ਆਸਟ੍ਰੇਲੀਅਨਜ਼ ਲਈ ਇੱਕ ਅਚਾਨਕ ਆਇਆ ਬਿੱਲ ਹੀ ਉਨ੍ਹਾਂ ਦੀ ਵਿੱਤੀ ਤਬਾਹੀ ਦਾ ਕਾਰਨ ਬਣ ਸਕਦਾ ਹੈ।”

AFSA (Australian Financial Security Authority) ਦੇ ਅਨੁਸਾਰ ਨਿਊ ਸਾਊਥ ਵੇਲਜ਼ ਤੇ ਕੁਈਨਜਲੈਂਡ ’ਚ ਸਭ ਤੋਂ ਵੱਧ ਦਿਵਾਲੀਏ ਦਰਜ ਹੋਏ ਹਨ, ਖਾਸਕਰ ਰੀਜਨਲ ਖੇਤਰਾਂ ’ਚ, ਮਾਹਰ ਚੇਤਾਵਨੀ ਦੇ ਰਹੇ ਹਨ ਕਿ ਜੇ ਮਹਿੰਗਾਈ ਕਾਬੂ ਨਾ ਆਈ ਤੇ ਦਰਾਂ ’ਚ ਕਟੌਤੀ ਨਾ ਹੋਈ, ਤਾਂ ਇਹ ਗਿਣਤੀ ਹੋਰ ਵਧ ਸਕਦੀ ਹੈ।

ਸਿੱਧੇ ਸ਼ਬਦਾਂ ’ਚ ਕਿਹਾ ਜਾਵੇ ਤਾਂ — “ਆਸਟ੍ਰੇਲੀਅਨ ਸੁਪਨਾ ਹੁਣ ਕਰਜ਼ੇ ਦੀ ਕਬਰ ਦਾ ਰੂਪ ਧਾਰਦਾ ਜਾ ਰਿਹਾ ਹੈ।”