ਮੈਲਬਰਨ : ਆਸਟ੍ਰੇਲੀਆ ’ਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਮੰਦਭਾਗੇ ਸੜਕ ਹਾਦਸੇ ’ਚ ਮੌਤ ਹੋ ਗਈ। ਹਾਦਸਾ Hume Freeway ’ਤੇ 1 ਅਕਤੂਬਰ ਨੂੰ ਸਵੇਰੇ ਵਾਪਰਿਆ ਸੀ ਜਦੋਂ Wangaratta South ਨੇੜੇ ਦੋ ਖੜ੍ਹੇ ਟਰੱਕਾਂ ’ਚ ਬਲਜਿੰਦਰ ਸਿੰਘ (39) ਦਾ ਟਰੱਕ ਜਾ ਟਕਰਾਇਆ। ਵਿਕਟੋਰੀਆ ਪੁਲਿਸ ਦੇ ਇੱਕ ਬਿਆਨ ਅਨੁਸਾਰ ਬੁੱਧਵਾਰ ਸਵੇਰੇ 5 ਕੁ ਵਜੇ ਬਲਜਿੰਦਰ ਸਿੰਘ ਦਾ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਪਾਰਕ ਕੀਤੇ ਦੋ ਟਰੱਕਾਂ ’ਚ ਜਾ ਟਕਰਾਇਆ ਅਤੇ ਇਸ ’ਚ ਅੱਗ ਲੱਗ ਗਈ। ਸੜਨ ਕਾਰਨ ਬਲਜਿੰਦਰ ਸਿੰਘ ਦੀ ਮੌਤ ਹੋ ਗਈ। ਬਾਕੀ ਦੋਵੇਂ ਟਰੱਕਾਂ ਦੇ ਡਰਾਈਵਰ ਹਾਦਸੇ ਵੇਲੇ ਆਪਣੇ ਟਰੱਕਾਂ ਅੰਦਰ ਸੌਂ ਰਹੇ ਸਨ ਅਤੇ ਹਾਦਸੇ ’ਚ ਜ਼ਿਆਦਾ ਜ਼ਖ਼ਮੀ ਨਹੀਂ ਹੋਏ।
ਪਰਿਵਾਰਕ ਦੋਸਤ ਰਣਦੀਪ ਸਿੰਘ ਪਾਸੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਅੱਜਕਲ੍ਹ ਵੈਸਟਰਨ ਮੈਲਬਰਨ ਦੇ ਟਾਰਨੇਟ ਸਬਅਰਬ ’ਚ ਰਹਿੰਦਾ ਸੀ। ਉਹ ਪੰਜ ਤੇ ਢਾਈ ਸਾਲ ਦੇ ਦੋ ਮੁੰਡਿਆਂ ਦਾ ਪਿਤਾ ਸੀ। ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਰੀਲ੍ਹਾਂ ਨਾਲ ਸਬੰਧਤ ਬਲਜਿੰਦਰ ਸਿੰਘ ਦਸ ਕੁ ਸਾਲ ਪਹਿਲਾਂ ਹੀ ਆਸਟ੍ਰੇਲੀਆ ਆਇਆ ਸੀ। ਪਹਿਲਾਂ ਕਈ ਸਾਲ ਉਹ ਆਪਣੇ ਭਰਾ ਕੋਲ ਇਟਲੀ ਵੀ ਰਿਹਾ। ਬਲਜਿੰਦਰ ਸਿੰਘ ਦੀ ਮੰਦਭਾਗੀ ਮੌਤ ਕਾਰਨ ਸਥਾਨਕ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਹੈ।
ਬਲਜਿੰਦਰ ਸਿੰਘ ਆਪਣੇ ਘਰ ’ਚ ਇੱਕੋ-ਇੱਕ ਕਮਾਉਣ ਵਾਲਾ ਸੀ। ਇੱਕ ਸਾਲ ਪਹਿਲਾਂ ਹੀ ਉਸ ਨੇ ਨਵਾਂ ਘਰ ਖ਼ਰੀਦਿਆ ਸੀ। ਕੋਈ ਬਚਤ ਨਾ ਹੋਣ ਕਾਰਨ ਉਸ ਦੇ ਪਰਿਵਾਰ ਸਾਹਮਣੇ ਵੱਡਾ ਵਿੱਤੀ ਸੰਕਟ ਖੜ੍ਹਾ ਹੋ ਗਿਆ ਹੈ। ਪਰਿਵਾਰ ਦੀ ਮਦਦ ਲਈ ਬਲਜਿੰਦਰ ਸਿੰਘ ਦੇ ਦੋਸਤ ਚਮਨ ਤਿਵਾਰੀ ਨੇ ਇੱਕ gofundme ਪੇਜ ਬਣਾਇਆ ਹੈ ਤਾਂ ਜੋ ਉਸ ਦੇ ਅੰਤਿਮ ਸੰਸਕਾਰ ਤੋਂ ਇਲਾਵਾ ਮੋਰਗੇਜ ਅਦਾ ਕਰਨ ਤੇ ਘਰ ਦੇ ਖ਼ਰਚੇ ਚਲਾਉਣ ’ਚ ਮਦਦ ਹੋ ਸਕੇ।