ਮੈਲਬਰਨ : ਭਾਰਤ ਜਾ ਰਹੇ Australia ਜਾਂ ਕਿਸੇ ਹੋਰ ਮੁਲਕ ਦੇ ਸਿਟੀਜਨ ਲਈ ਖ਼ੁਸ਼ੀ ਦੀ ਖ਼ਬਰ ਹੈ। ਪਹਿਲਾਂ ਭਾਰਤ ਦੇ ਕਿਸੇ ਵੀ ਏਅਰ-ਪੋਰਟ ’ਤੇ ਪਹੁੰਚਣ ’ਤੇ ਜੋ ਇੱਕ ਨਿੱਕਾ ਜਿਹਾ ਲਾਲ/ਗੁਲਾਬੀ ਰੰਗਾ ਫ਼ਾਰਮ (Arrival Form) ਭਰਨਾ ਪੈਂਦਾ ਸੀ ਹੁਣ ਉਸ ਤੋਂ ਛੋਟ ਮਿਲ ਗਈ ਹੈ। ਇਸ ਫਾਰਮ ਵਿੱਚ ਯਾਤਰੀ ਨੂੰ ਆਪਣਾ ਨਾਮ, ਪਾਸਪੋਰਟ ਨੰਬਰ, ਭਾਰਤ ਦਾ ਪਤਾ ਅਤੇ ਫ਼ੋਨ ਨੰਬਰ ਆਦਿ ਵੇਰਵਾ ਭਰਨਾ ਹੁੰਦਾ ਸੀ ਅਤੇ ਕਾਫ਼ੀ ਸਮਾਂ ਲਾਈਨ ਵਿੱਚ ਖੜ੍ਹਨਾ ਪੈਂਦਾ ਸੀ। ਇਹ ਫ਼ਾਰਮ ਨਾਂ ਭਰਿਆ ਹੋਣ ਕਰਕੇ ਬੇਲੋੜੀ ਦੇਰੀ ਹੁੰਦੀ ਸੀ।
ਪਰ ਅੱਜ, ਯਾਨੀਕਿ 1 ਅਕਤੂਬਰ ਤੋਂ ਭਾਰਤ ਸਰਕਾਰ ਨੇ ਏਅਰਪੋਰਟਜ਼ ’ਤੇ ਪਹੁੰਚਣ ਸਮੇਂ ਭਰੇ ਜਾਣ ਵਾਲੇ ਇਸ ਫ਼ਾਰਮ ਨੂੰ ਡਿਜ਼ਟਲ (e-Arrival Card) ਕਰ ਦਿੱਤਾ ਹੈ। ਹੁਣ ਤੁਸੀਂ ਇਹ ਫ਼ਾਰਮ https://boi.gov.in/boi/ ਜਾਂ
https://indianvisaonline.gov.in/earrival/ ਵੈੱਬਸਾਈਟ ’ਤੇ ਜਾਂ ਫਿਰ ਆਪਣੇ ਫ਼ੋਨ ਵਿੱਚ ਐਪ ਡਾਊਨਲੋਡ ਕਰ ਕੇ ਜਹਾਜ਼ ਫ਼ੜਨ ਤੋਂ 72 ਘੰਟੇ ਪਹਿਲਾਂ ਭਰ ਸਕਦੇ ਹੋ। ਇੰਝ ਕਰਨ ਨਾਲ ਤੁਸੀਂ ਏਅਰ-ਪੋਰਟ ’ਤੇ ਹੋਣ ਵਾਲੀ ਸੰਭਾਵਤ ਖ਼ੱਜਲ-ਖੁਆਰੀ ਤੋਂ ਕੁਝ ਹੱਦ ਤੱਕ ਬਚ ਸਕਦੇ ਹੋ। ਬਜ਼ੁਰਗ ਮਾਪੇ ਜਾਂ ਜਿਹੜੇ ਕੰਪਿਊਟਰ/ਫ਼ੋਨ ਚਲਾਉਣਾ ਨਹੀਂ ਜਾਣਦੇ, ਉਹ ਆਪਣੇ ਬੱਚਿਆਂ ਤੋਂ ਜਹਾਜ਼ ਫੜਨ ਤੋਂ 72 ਘੰਟੇ ਪਹਿਲਾਂ ਇਹ ਫ਼ਾਰਮ ਭਰਵਾ ਸਕਦੇ ਹਨ। ਇਸ ਪਹਿਲ ਦਾ ਉਦੇਸ਼ ਇਮੀਗਰੇਸ਼ਨ ਕਾਊਂਟਰਜ਼ ’ਤੇ ਭੀੜ ਘੱਟ ਕਰਨਾ ਅਤੇ ਇੰਟਰਨੈਸ਼ਨਲ ਅਰਾਈਵਲ ਲਈ ਪ੍ਰੋਸੈਸਿੰਗ ਤੇਜ਼ ਕਰਨਾ ਹੈ।