ਕੈਨਬਰਾ : ਆਸਟ੍ਰੇਲੀਆ ਦਾ 2029 ਤੱਕ 12 ਲੱਖ ਨਵੇਂ ਘਰ ਬਣਾਉਣ ਦਾ ਟੀਚਾ ਹੁਣ ਹੌਲੀ-ਹੌਲੀ ਪਿੱਛੇ ਸਰਕਦਾ ਜਾ ਰਿਹਾ ਹੈ। ਤਾਜ਼ਾ ਅੰਕੜੇ ਦੱਸਦੇ ਹਨ ਕਿ ਦੇਸ਼ ਭਰ ’ਚ ਨਵੇਂ ਘਰਾਂ ਦੀਆਂ ਮਨਜ਼ੂਰੀਆਂ ਵਿੱਚ ਤੇਜ਼ ਗਿਰਾਵਟ ਆਈ ਹੈ, ਜਿਸ ਨਾਲ ਇਹ ਵੱਡਾ ਟੀਚਾ ਹਾਸਲ ਕਰਨਾ ਮੁਸ਼ਕਲ ਦਿਖਾਈ ਦੇ ਰਿਹਾ ਹੈ।
ਇਹ ਟੀਚਾ ਫੈਡਰਲ ਤੇ ਸੂਬਾਈ ਸਰਕਾਰਾਂ ਨੇ ਮਿਲ ਕੇ ਰੱਖਿਆ ਸੀ, ਤਾਂ ਜੋ ਘਰਾਂ ਦੀ ਕਮੀ ਦੂਰ ਹੋਵੇ ਅਤੇ ਵਧ ਰਹੀ ਆਬਾਦੀ ਵਾਲੇ ਸ਼ਹਿਰਾਂ ਤੇ ਕਸਬਿਆਂ ਨੂੰ ਰਾਹਤ ਮਿਲ ਸਕੇ। ਪਰ ਹੁਣ ਇਮਾਰਤੀ ਖਰਚੇ ਵਧਣ, ਮਜ਼ਦੂਰਾਂ ਦੀ ਕਮੀ ਅਤੇ ਉੱਚੇ ਵਿਆਜ ਦਰਾਂ ਕਾਰਨ ਨਵੇਂ ਪ੍ਰੋਜੈਕਟ ਹੌਲੀ ਹੋ ਗਏ ਹਨ। ਕਈ ਯੋਜਨਾਵਾਂ ਰੱਦ ਜਾਂ ਟਾਲੀਆਂ ਵੀ ਗਈਆਂ ਹਨ।
ਘਰਾਂ ਦੀ ਮਾਰਕੀਟ ’ਚ ਕੰਮ ਕਰਨ ਵਾਲੇ ਸਮੂਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵਾਅਦੇ ’ਤੇ ਖਰੀ ਨਾ ਉਤਰੀ ਤਾਂ ਕਿਰਾਏਦਾਰਾਂ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਸੰਕਟ ਹੋਰ ਵਧੇਗਾ। ਮਾਹਰ ਚੇਤਾਵਨੀ ਦੇ ਰਹੇ ਹਨ ਕਿ ਦਹਾਕੇ ਦੇ ਅੰਤ ਤੱਕ ਲੱਖਾਂ ਘਰਾਂ ਦੀ ਘਾਟ ਰਹਿ ਸਕਦੀ ਹੈ ਜੇਕਰ ਸਰਕਾਰ ਨਿਰਮਾਣ ਖੇਤਰ ਨੂੰ ਤੁਰੰਤ ਸਹਾਇਤਾ ਨਾ ਦੇਵੇ।
ਹਾਲਾਂਕਿ ਕੇਂਦਰੀ ਸਰਕਾਰ ਨੇ ਅਜੇ ਕੋਈ ਨਵਾਂ ਰਾਹ ਨਹੀਂ ਦੱਸਿਆ, ਪਰ ਵੱਧ ਰਹੇ ਦਬਾਅ ਦੇ ਵਿਚਕਾਰ ਘਰਾਂ ਦੀ ਕਮੀ ਦੇਸ਼ ਦੇ ਮਹਿੰਗਾਈ ਸੰਕਟ ਦਾ ਵੱਡਾ ਕਾਰਨ ਬਣੀ ਹੋਈ ਹੈ। ਵੇਰਵੇ ਦੱਸਦੇ ਹਨ ਕਿ ਹਰ ਸਾਲ ਕੰਸਟਰਕਸ਼ਨ ਕੀਮਤ 4.5% ਵੱਧ ਰਹੀ ਹੈ ਜਦੋਂ ਕਿ ਇਨਫਲੇਸ਼ਨ 2.5 ਤੋਂ 3% ਤੱਕ ਹੈ।