ਮੈਲਬਰਨ : ਲਗਭਗ 40% ਜਾਂ 8 ਮਿਲੀਅਨ ਆਸਟ੍ਰੇਲੀਅਨ ਲੋਕਾਂ ਕੋਲ ਤਿੰਨ ਮਹੀਨਿਆਂ ਦੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਲਈ ਵੀ ਲੋੜੀਂਦੀ ਬਚਤ ਨਹੀਂ ਹੈ। ਬਚਤ ਨਾ ਹੋਣ ਕਾਰਨ ਨੌਕਰੀ ਦੇ ਨੁਕਸਾਨ ਜਾਂ ਬਿਮਾਰੀ ਵਰਗੀ ਕਿਸੇ ਵਿੱਤੀ ਐਮਰਜੈਂਸੀ ਪੈਣ ’ਤੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Finder ਦੇ ਨਵੇਂ ਸਰਵੇ ਅਨੁਸਾਰ ਹਰ ਪੰਜ ਵਿੱਚੋਂ ਇੱਕ ਆਸਟ੍ਰੇਲੀਅਨ ਨੂੰ ਬਚਤ ਕਰਨਾ ‘ਬਹੁਤ ਮੁਸ਼ਕਲ’ ਲੱਗਦਾ ਹੈ, ਜਦੋਂ ਕਿ ਦੂਸਰੇ ਜਾਂ ਤਾਂ ਇਸ ਨੂੰ ਤਰਜੀਹ ਨਹੀਂ ਦਿੰਦੇ ਜਾਂ ਬਾਅਦ ’ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਬਾਵਜੂਦ, ਆਸਟ੍ਰੇਲੀਅਨ ਲੋਕਾਂ ਦੀ ਔਸਤਨ ਬਚਤ 43,650 ਡਾਲਰ ਹੈ। ਮਤਲਬ ਦੇਸ਼ ਅੰਦਰ ਬਚਤ ਦੇ ਮਾਮਲੇ ਵਿੱਚ ਭਾਰੀ ਨਾਬਰਾਬਰੀ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਐਮਰਜੈਂਸੀ ਫੰਡਾਂ ਤੋਂ ਬਿਨਾਂ, ਲੋਕ ਕਰਜ਼ੇ ਵਿੱਚ ਪੈ ਸਕਦੇ ਹਨ।
ਵਿੱਤੀ ਸਲਾਹਕਾਰ Alison Banney ਦੀ ਸਿਫਾਰਸ਼ ਹੈ ਕਿ ਹਰ ਹਫਤਾਵਾਰੀ 20 ਡਾਲਰ ਦੀ ਬਚਤ ਨਾਲ ਵੀ ਇੱਕ ਸਾਲ ਅੰਦਰ ਐਮਰਜੈਂਸੀ ’ਚ ਵਰਤਣ ਜੋਗਾ ਪੈਸਾ ਹੋ ਸਕਦਾ ਹੈ। ਉਹ ਤਿਉਹਾਰਾਂ ਮੌਕੇ ਫ਼ਾਲਤੂ ਖਰਚਿਆਂ ਤੋਂ ਬਚਣ ਦੀ ਸਲਾਹ ਵੀ ਦਿੰਦੇ ਹਨ।