ਵੈਸਟਰਨ ਆਸਟ੍ਰੇਲੀਆ ’ਚ ਟੀਚਰਜ਼ ਦੇ ਵਧਦੇ ਜਾ ਰਹੇ ਅਸਤੀਫ਼ਿਆਂ ਮਗਰੋਂ ਸਰਕਾਰ ਦੀ ਆਲੋਚਨਾ ਸ਼ੁਰੂ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿੱਚ ਟੀਚਰਜ਼ ਦੇ ਅਸਤੀਫ਼ਿਆਂ ਵਿੱਚ ਪੰਜ ਸਾਲਾਂ ਵਿੱਚ 113٪ ਦਾ ਵਾਧਾ ਹੋਇਆ ਹੈ। 2020 ਵਿੱਚ ਜਿੱਥੇ ਕੁੱਲ ਅਸਤੀਫ਼ੇ 598 ਸਨ ਉਥੇ 2024 ਵਿੱਚ ਇਹ ਅੰਕੜਾ ਵਧ ਕੇ 1279 ਹੋ ਗਿਆ। ਸਟੇਟ ’ਚ ਟੀਚਰਜ਼ ਦੇ ਵਧਦੇ ਅਸਤੀਫ਼ਿਆਂ ਨੂੰ ਵੇਖਦਿਆਂ ਇੱਕ ਸੰਕਟ ਦੀ ਚੇਤਾਵਨੀ ਦਿੱਤੀ ਗਈ ਹੈ।

ਵਿਰੋਧੀ ਧਿਰ ਦੇ ਨੇਤਾ ਅਸਤੀਫ਼ਿਆਂ ਲਈ ਕਲਾਸਰੂਮ ਦੀਆਂ ਵਿਗੜ ਰਹੀਆਂ ਸਥਿਤੀਆਂ, ਵੱਧ ਰਹੇ ਕੰਮ ਦੇ ਬੋਝ ਅਤੇ ਸਰਕਾਰੀ ਸਹਾਇਤਾ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਸਿੱਖਿਆ ਮੰਤਰੀ Sabine Winton ਨੇ ਚੁਣੌਤੀਆਂ ਨੂੰ ਸਵੀਕਾਰ ਕੀਤਾ ਪਰ ਕਿਹਾ ਕਿ ਅਸਤੀਫ਼ੇ ਮਹਾਂਮਾਰੀ ਤੋਂ ਕਾਰਨ ਵਧੇ ਹਨ।

ਉਨ੍ਹਾਂ ਕਿਹਾ ਕਿ 2024 ਵਿੱਚ ਅਸਤੀਫਾ ਦੇਣ ਵਾਲੇ ਟੀਚਰਜ਼ ਵਿੱਚੋਂ ਲਗਭਗ 29٪ 2025 ਦੇ ਅੱਧ ਤੱਕ ਵਾਪਸ ਵੀ ਆ ਗਏ। ਉਨ੍ਹਾਂ ਕਿਹਾ ਕਿ ਦਰਅਸਲ ਨਵੀਂਆਂ ਭਰਤੀਆਂ ਨਾਲ ਟੀਚਰਜ਼ ਦੀ ਗਿਣਤੀ 25,600 ਵਧੀ ਹੈ ਅਤੇ ਸਟੇਟ ਅੰਦਰ ਕੁੱਲ ਟੀਚਰਜ਼ 2024 ਮੁਕਾਬਲੇ 2025 ’ਚ ਵੱਧ ਹਨ।

ਹਾਲਾਂਕਿ ਆਲੋਚਕਾਂ ਦੀ ਦਲੀਲ ਹੈ ਕਿ ਸਰਕਾਰ ਨੂੰ ਰੇਸਟਰੈਕ, ਰਗਬੀ ਟੀਮਜ਼ ਅਤੇ ਪਾਲਤੂ ਜਾਨਵਰਾਂ ਦੇ ਪ੍ਰਾਜੈਕਟ ਵਰਗੇ ਪ੍ਰਚਾਰ ਦੇ ਪ੍ਰਾਜੈਕਟਾਂ ਨਾਲੋਂ ਟੀਚਰਜ਼ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਦੀ ਭਲਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਸਿੱਖਿਆ ਪ੍ਰਣਾਲੀ ਨੂੰ ਕਾਇਮ ਰੱਖਣ ਤੇ ਸੰਘਰਸ਼ਸ਼ੀਲ ਸਿੱਖਿਅਕਾਂ ਦਾ ਸਮਰਥਨ ਕਰਨ ਲਈ ਵਧੇਰੇ ਠੋਸ ਹੱਲਾਂ ਦੀ ਅਪੀਲ ਕਰਨੀ ਚਾਹੀਦੀ ਹੈ।