ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕਾਂ ਵਿਚੋਂ ਇੱਕ ANZ (ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਬੈਂਕਿੰਗ ਗਰੁੱਪ ਲਿਮਿਟੇਡ) ਨੇ ਆਪਣੇ ਵੱਲੋਂ ਕੀਤੇ ਕੁੱਝ ਗਲਤ ਕੰਮਾਂ ਨੂੰ ਮੰਨ ਲਿਆ ਹੈ, ਜਿਸ ਨਾਲ ਹਜ਼ਾਰਾਂ ਆਮ ਗਾਹਕ ਪ੍ਰਭਾਵਿਤ ਹੋਏ ਹਨ। ਬੈਂਕ ਨੇ ਮੰਨਿਆ ਹੈ ਕਿ ਉਸ ਨੇ ਬਾਂਡ ਟ੍ਰੇਡਿੰਗ ਡਾਟਾ ਗਲਤ ਰਿਪੋਰਟ ਕੀਤਾ ਅਤੇ ਗਾਹਕਾਂ ਦੇ ਹਾਰਡਸ਼ਿਪ ਨੋਟਿਸ (ਮੁਸ਼ਕਲ ਹਾਲਾਤ ਵਿੱਚ ਮਦਦ ਲਈ ਕੀਤੀਆਂ ਅਰਜ਼ੀਆਂ) ਨੂੰ ਠੀਕ ਤਰੀਕੇ ਨਾਲ ਨਹੀਂ ਸੰਭਾਲਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗਲਤੀਆਂ ਕਰੀਬ 65 ਹਜ਼ਾਰ ਗਾਹਕਾਂ ਨੂੰ ਪ੍ਰਭਾਵਿਤ ਕਰ ਗਈਆਂ। ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਉਸ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਸਭ ਤੋਂ ਵੱਧ ਆਰਥਿਕ ਸਹਾਇਤਾ ਦੀ ਲੋੜ ਸੀ। ANZ ਨੇ ਆਪਣੀ ਗਲਤੀ ਮੰਨਦਿਆਂ 240 ਮਿਲੀਅਨ ਡਾਲਰ ਜੁਰਮਾਨਾ ਭਰਨ ਲਈ ਸਹਿਮਤੀ ਦਿੱਤੀ ਹੈ, ਜੋ ਬੈਂਕਿੰਗ ਖੇਤਰ ਦੇ ਸਭ ਤੋਂ ਵੱਡੇ ਜੁਰਮਾਨਿਆਂ ਵਿਚੋਂ ਇੱਕ ਹੈ।
ਵਿੱਤੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਵੱਡੇ ਬੈਂਕ ਵੀ ਗੰਭੀਰ ਗਲਤੀਆਂ ਕਰ ਸਕਦੇ ਹਨ। ਇਸ ਨਾਲ ਗਾਹਕਾਂ ਦਾ ਵਿਸ਼ਵਾਸ ਡਗਮਗਾ ਸਕਦਾ ਹੈ ਅਤੇ ਕਈ ਲੋਕਾਂ ਨੂੰ ਬੇਵਜ੍ਹਾ ਆਰਥਿਕ ਤਣਾਅ ਜਾਂ ਨੁਕਸਾਨ ਝੱਲਣਾ ਪਿਆ ਹੋ ਸਕਦਾ ਹੈ। ਖਪਤਕਾਰ ਗਰੁੱਪਾਂ ਨੇ ਮੰਗ ਕੀਤੀ ਹੈ ਕਿ ਬੈਂਕਾਂ ’ਤੇ ਸਖ਼ਤ ਨਿਗਰਾਨੀ ਕੀਤੀ ਜਾਵੇ ਅਤੇ ਗਾਹਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਹੋਰ ਜਾਗਰੂਕ ਬਣਾਇਆ ਜਾਵੇ।
ਵਿੱਤੀ ਮਾਹਰ ਚੇਤਾਵਨੀ ਦਿੰਦੇ ਹਨ ਕਿ ਐਸੇ ਮਾਮਲੇ ਜਨਤਾ ਦੇ ਭਰੋਸੇ ਨੂੰ ਝਟਕਾ ਦੇਂਦੇ ਹਨ, ਜਦਕਿ ਬੈਂਕਿੰਗ ਪ੍ਰਣਾਲੀ ’ਤੇ ਹੀ ਲੱਖਾਂ ਆਸਟ੍ਰੇਲੀਆਈ ਆਪਣੀਆਂ ਬੱਚਤਾਂ, ਕਰਜ਼ਿਆਂ ਅਤੇ ਰੋਜ਼ਾਨਾ ਬੈਂਕਿੰਗ ਲਈ ਨਿਰਭਰ ਕਰਦੇ ਹਨ।