ਮੈਲਬਰਨ : ਆਸਟ੍ਰੇਲੀਆ ਵਿੱਚ ਮੈਲਬਰਨ ਇੰਸਟੀਚਿਊਟ ਵੱਲੋਂ ਕਰਵਾਏ ਸਾਲਾਨਾ Household, Income and Labour Dynamics in Australia (HILDA) ਸਰਵੇ ’ਚ ਦੇਸ਼ ਅੰਦਰ ਲੋਕਾਂ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ ਹੋਏ ਹਨ। ਸਰਵੇ ਨੇ ਆਸਟ੍ਰੇਲੀਆ ’ਚ ਵਧ ਰਹੇ ਇਕੱਲੇਪਣ, ਉੱਚ ਟੈਕਸਾਂ ਅਤੇ ਜੀਵਨ ਦੇ ਟੀਚਿਆਂ ਦੀ ਦੇਰੀ ਨਾਲ ਪ੍ਰਾਪਤੀ ਦਾ ਖੁਲਾਸਾ ਕੀਤਾ ਹੈ। ਸਰਵੇ ਵਿੱਚ ਹਜ਼ਾਰਾਂ ਆਸਟ੍ਰੇਲੀਅਨ ਲੋਕਾਂ ਬਾਰੇ 2001 ਤੋਂ ਲੈ ਕੇ 2025 ਤਕ ਦੀ ਰਿਪੋਰਟ ਜਾਰੀ ਕੀਤੀ ਗਈ ਹੈ।
ਸਰਵੇ ’ਚ ਕਿਹਾ ਗਿਆ ਹੈ ਕਿ 2001 ਮੁਕਾਬਲੇ ਹੁਦ ਸਮਾਜਿਕ ਸੰਬੰਧ ਕਮਜ਼ੋਰ ਹੋ ਗਏ ਹਨ ਅਤੇ ਘੱਟ ਲੋਕ ਨਿਯਮਤ ਤੌਰ ’ਤੇ ਦੋਸਤਾਂ ਨੂੰ ਮਿਲਦੇ ਹਨ। ਆਸਟ੍ਰੇਲੀਆਈ ਲੋਕਾਂ ਨੂੰ ਵਧੇਰੇ ਸਰੀਰਕ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ, ਖ਼ਾਸਕਰ ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ। ਇਨਕਮ ਟੈਕਸ ਦੀਆਂ ਦਰਾਂ ਰਿਕਾਰਡ ਉੱਚੇ ਪੱਧਰ ’ਤੇ ਹਨ, ਜਿਸ ਨਾਲ ਅਸਲ ਤਨਖਾਹ ਘਟ ਜਾਂਦੀ ਹੈ।
ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਨੇ ਖਰਚਿਆਂ ਦੀਆਂ ਆਦਤਾਂ ਨੂੰ ਉਲਟਾ ਦਿੱਤਾ ਹੈ, ਜਿਸ ਨਾਲ ਜ਼ਿਆਦਾਤਰ ਕਮਾਈ ਜ਼ਰੂਰਤਾਂ ਪੂਰੀਆਂ ਕਰਨ ’ਚ ਹੀ ਚਲੀ ਜਾਂਦੀ ਹੈ। ਵਿੱਤੀ ਅਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਹੁਣ ਘੱਟ ਲੋਕ ਬੱਚੇ ਚਾਹੁੰਦੇ ਹਨ। ਸਰਵੇ ਵਿੱਚ ਪਹਿਲੀ ਵਾਰੀ ਹੈ ਕਿ ਮਰਦਾਂ ਵੱਲੋਂ ਬੱਚਿਆਂ ਦੀ ਚਾਹਤ 2 ਦੇ ਔਸਤ ਤੋਂ ਹੇਠਾਂ ਆਈ ਹੈ। ਜ਼ਿਆਦਾਤਰ ਲੋਕ ਸਿਰਫ਼ ਇੱਕ ਬੱਚਾ ਜਾਂ ਕੋਈ ਬੱਚਾ ਨਹੀਂ ਚਾਹੁੰਦੇ।
ਆਸਟ੍ਰੇਲੀਆ ਦੇ ਸਿੰਗਲ-ਪੇਰੈਂਟ ਵਾਲੇ ਹਰ ਤਿੰਨ ਪਰਿਵਾਰਾਂ ’ਚੋਂ ਇੱਕ ਗ਼ਰੀਬੀ ’ਚ ਰਹਿ ਰਿਹਾ ਹੈ। 2003 ਵਿੱਚ ਇਹ ਅੰਕੜਾ 28.3% ਤੋਂ ਵੱਧ ਕੇ 2023 ਵਿੱਚ 31.3% ਹੋ ਗਿਆ ਹੈ। ਰਿਪੋਰਟ ਅਨੁਸਾਰ ਸਿੰਗਲ-ਪੇਰੈਂਟ ਵਾਲੇ ਪਰਿਵਾਰਾਂ ਨੂੰ ਦੋ ਮਾਪਿਆਂ ਵਾਲੇ ਪਰਿਵਾਰਾਂ ਮੁਕਾਬਲੇ ਗ਼ਰੀਬੀ ਦਾ ਖ਼ਤਰਾ ਤਿੰਨ ਗੁਣਾ ਜ਼ਿਆਦਾ ਹੈ।
ਲੋਕ ਰਿਟਾਇਰਮੈਂਟ ਲੈਣ ਵਿੱਚ ਵੀ ਤੇਜ਼ੀ ਨਾਲ ਦੇਰੀ ਕਰ ਰਹੇ ਹੈ। ਬਹੁਤ ਸਾਰੇ ਬਜ਼ੁਰਗ ਆਸਟ੍ਰੇਲੀਆਈ ਕਿਰਾਏ ’ਤੇ ਹੀ ਰਹਿ ਰਹੇ ਹਨ ਅਤੇ ਵਿੱਤੀ ਤੌਰ ’ਤੇ ਸੰਘਰਸ਼ ਕਰ ਰਹੇ ਹਨ। ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਭਵਿੱਖ ਦੇ ਰਿਟਾਇਰਡ ਲੋਕਾਂ ਲਈ ਇਕੱਲੇ superannuation ਕਾਫ਼ੀ ਨਹੀਂ ਹੋਵੇਗੀ। ਖ਼ਾਸਕਰ ਉਹ ਜਿਨ੍ਹਾਂ ਕੋਲ ਆਪਣਾ ਘਰ ਵੀ ਨਹੀਂ ਹੈ। ਕੁੱਲ ਮਿਲਾ ਕੇ, ਆਰਥਿਕ ਤਣਾਅ ਆਸਟ੍ਰੇਲੀਅਨ ਜੀਵਨ ਨੂੰ ਨਵਾਂ ਰੂਪ ਦੇ ਰਿਹਾ ਹੈ।