ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਵਾਦਮਈ ‘ਸਬਅਰਬਨ ਰੇਲ ਲੂਪ’ ਲਈ ਸਮਰਥਨ ਦੀ ਮੰਗ ਕਰਨ ਲਈ ਬੀਜਿੰਗ ਦੀ ਯਾਤਰਾ ’ਤੇ ਹਨ। Allan ਦੇ ਏਜੰਡੇ ਵਿੱਚ ਵਪਾਰ, ਸਿੱਖਿਆ, ਸੈਰ-ਸਪਾਟਾ ਅਤੇ ਸਵੱਛ ਊਰਜਾ ਸ਼ਾਮਲ ਹਨ, ਜਿਸ ਅਧੀਨ ਉਹ ਪ੍ਰਮੁੱਖ ਚੀਨੀ ਸ਼ਹਿਰਾਂ ਵਿੱਚ ਕਈ ਮੀਟਿੰਗਾਂ ਕਰਨਗੇ। ਇੱਕ ਸੋਸ਼ਲ ਮੀਡੀਆ ਪੋਸਟ ’ਚ ਵਿੱਚ Allan ਨੇ ਕਿਹਾ ਵਿਕਟੋਰੀਆ ਅਤੇ ਚੀਨ ਦੀ ਦੋਸਤੀ ਨੂੰ 150 ਸਾਲ ਪੁਰਾਣੀ ਦੱਸਿਆ। ਉਨ੍ਹਾਂ ਬੀਜਿੰਗ ਵਿੱਚ ਜਿੰਗਸ਼ਾਨ ਪਾਰਕ ਦਾ ਦੌਰਾ ਵੀ ਕੀਤਾ।
ਉਨ੍ਹਾਂ ਦਾ ਉਦੇਸ਼ ‘ਵੈਲਯੂ ਕੈਪਚਰ’ ਲੇਵੀ ਰਾਹੀਂ ਰੇਲ ਪ੍ਰਾਜੈਕਟ ਨੂੰ ਫੰਡ ਦੇਣ ਲਈ ਚੀਨੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਕੋਸ਼ਿਸ਼ਾਂ ਦੇ ਬਾਵਜੂਦ, ਬਾਕੀ 34.5 ਬਿਲੀਅਨ ਡਾਲਰ ਦੇ ਫੰਡਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ, ਕਿਉਂਕਿ ਫ਼ੈਡਰਲ ਸਹਾਇਤਾ 2.2 ਬਿਲੀਅਨ ਡਾਲਰ ਤੱਕ ਸੀਮਤ ਹੈ। ਪ੍ਰੀਮੀਅਰ ਨਾਲ ਯਾਤਰਾ ’ਤੇ ਨਾਲ ਆਏ ਸਾਰੇ ਪੰਜ MP ਸਭ ਤੋਂ ਵੱਧ ਚੀਨੀ ਆਬਾਦੀ ਵਾਲੇ ਵੋਟਰਾਂ ਦੀ ਨੁਮਾਇੰਦਗੀ ਕਰਦੇ ਹਨ। ਇਨ੍ਹਾਂ MPs ਵਿੱਚ ਇੱਕ ਹੋਰ ਸਾਂਝੀ ਚੀਜ਼ ਉਨ੍ਹਾਂ ਹਲਕਿਆਂ ਦੀ ‘ਸਬਅਰਬਨ ਰੇਲ ਲੂਪ’ ਨਾਲ ਨੇੜਤਾ ਹੈ। Allan ਨੇ ਸ਼ੁੱਕਰਵਾਰ ਨੂੰ ਵਿਕਟੋਰੀਅਨ ਚੀਨੀ ਸਭਿਆਚਾਰਕ ਪ੍ਰਾਜੈਕਟਾਂ ਲਈ 2 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਵੀ ਕੀਤਾ ਸੀ।