ਕਿੱਥੇ ਖੜੀ ਹੈ ਮੈਲਬਰਨ ਦੀ ਰੀਅਲ ਇਸਟੇਟ ਮਾਰਕੀਟ?

ਸਤੰਬਰ 2025 ਵਿੱਚ ਆਸਟ੍ਰੇਲੀਆ ਦੀ ਰੀਅਲ ਇਸਟੇਟ ਬਜ਼ਾਰ ਮਾਰਕੀਟ ਦੱਸ ਰਹੀ ਹੈ ਕਿ ਵਿਸ਼ੇਸ਼ ਤੌਰ ’ਤੇ ਵਿਕਟੋਰੀਆ ਅਤੇ ਮੈਲਬਰਨ ਹੌਲੀ-ਹੌਲੀ ਮੰਦੇ ਦੇ ਦੌਰ ’ਚੋਂ ਬਾਹਰ ਨਿਕਲ ਰਹੇ ਹਨ।

Australian Bureau of Statistics (ABS) ਦੇ ਅਨੁਸਾਰ ਰਿਹਾਇਸ਼ੀ ਜਾਇਦਾਦਾਂ ਦੀ ਕੁੱਲ ਕੀਮਤ $11.56 ਟ੍ਰਿਲੀਅਨ ਤੱਕ ਪਹੁੰਚ ਗਈ ਹੈ, ਜਦਕਿ ਰਾਸ਼ਟਰੀ ਔਸਤ ਕੀਮਤ ਹੁਣ $1 ਮਿਲੀਅਨ ਤੋਂ ਵੱਧ ਹੈ। ਸਿਡਨੀ ਅਜੇ ਵੀ ਸਭ ਤੋਂ ਮਹਿੰਗਾ ਸ਼ਹਿਰ ਹੈ, ਜਿੱਥੇ ਮੀਡੀਅਨ ਘਰ ਦਾ ਮੁੱਲ ਲਗਭਗ $1.224 ਮਿਲੀਅਨ ਹੈ। ਪਰ ਮੈਲਬਰਨ ਨੇ ਅਗਸਤ ਵਿੱਚ 0.3% ਵਾਧਾ ਦਰਜ ਕਰਦੇ ਹੋਏ ਆਪਣੀ ਕੀਮਤ ਲਗਭਗ $809,000 ਤੱਕ ਪਹੁੰਚਾ ਦਿੱਤੀ ਹੈ।

ਮਾਹਿਰਾਂ ਦੇ ਮੁਤਾਬਕ, ਮੈਲਬਰਨ ਉਨ੍ਹਾਂ ਖਰੀਦਦਾਰਾਂ ਲਈ ਵਧੀਆ ਬਦਲ ਬਣ ਰਿਹਾ ਹੈ ਜੋ ਸਿਡਨੀ ਦੀਆਂ ਕੀਮਤਾਂ ਨਹੀਂ ਝੱਲ ਸਕਦੇ। ਹਾਲਾਂਕਿ ਬ੍ਰਿਸਬੇਨ ਨੇ ਅਗਸਤ ਵਿੱਚ 1.2% ਵਾਧਾ ਦਰਜ ਕਰ ਕੇ ਸਭ ਤੋਂ ਤੇਜ਼ ਗਤੀ ਬ੍ਰਿਸਬੇਨ ’ਚ ਦਰਸਾਈ ਹੈ ਅਤੇ ਪਰਥ ਵਿੱਚ ਵੀ ਮੰਗ ਮਜ਼ਬੂਤ ਬਣੀ ਹੋਈ ਹੈ। ਪਰ ਮੈਲਬਰਨ ਦੀ ਸੰਤੁਲਿਤ ਕੀਮਤ, ਵੱਡੇ ਪੱਧਰ ਦੇ ਹਾਊਸਿੰਗ ਪ੍ਰੋਜੈਕਟ ਅਤੇ ਟਰਾਂਸਪੋਰਟ ਅਪਗ੍ਰੇਡ ਇਸ ਨੂੰ ਲੰਬੇ ਸਮੇਂ ਲਈ ਆਕਰਸ਼ਕ ਬਣਾਉਂਦੇ ਹਨ।

ਵਿਕਟੋਰੀਆ ਦੇ ਰੀਜਨਲ ਸ਼ਹਿਰ ਜਿਵੇਂ ਜੀਲੌਂਗ, ਬੈਲਾਰਟ, ਸ਼ੈਪਰਟਨ ਅਤੇ ਬੈਂਡੀਗੋ ਵੀ ਨੌਜਵਾਨ ਪਰਿਵਾਰਾਂ ਅਤੇ first-home buyers ਨੂੰ ਖਿੱਚ ਰਹੇ ਹਨ। ਇੱਥੇ ਘੱਟ ਕੀਮਤਾਂ ਅਤੇ ਮੈਲਬਰਨ ਨਾਲ ਜੁੜੇ ਟਰਾਂਸਪੋਰਟ ਕੁਨੈਕਸ਼ਨ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ।

First-home buyers ਲਈ ਹਾਲਾਤ ਭਾਵੇਂ ਮਿਲੇ-ਜੁਲੇ ਹਨ। ਵਧਦੀਆਂ ਕੀਮਤਾਂ ਕਾਰਨ ਡਿਪਾਜ਼ਿਟ ਇਕੱਠਾ ਕਰਨਾ ਮੁਸ਼ਕਲ ਹੈ, ਪਰ ਸਰਕਾਰੀ ਸਕੀਮਾਂ ਅਤੇ ਰੀਜਨਲ First Home Owner Grants ਮਦਦ ਕਰ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵੱਧਦੇ ਨੌਜਵਾਨ outer-suburbs ਜਿਵੇਂ Craigieburn, Beveridge ਅਤੇ Wollert ਵਿੱਚ ਹਾਊਸਿੰਗ ਪੈਕੇਜ ਵੱਲ ਰੁਝਾਨ ਰੱਖਣਗੇ।

ਭਵਿੱਖ ਵਿੱਚ, ਜਦੋਂਕਿ ਬ੍ਰਿਸਬੇਨ ਅਤੇ ਪਰਥ ਸਭ ਤੋਂ ਵੱਧ ਵਾਧਾ ਦਰਸਾ ਸਕਦੇ ਹਨ, ਮੈਲਬਰਨ ਅਤੇ ਵਿਕਟੋਰੀਆ ਆਸਟ੍ਰੇਲੀਆ ਦੇ ਹਾਊਸਿੰਗ ਬਜ਼ਾਰ ਦਾ ਆਪਣੀਆਂ ਕੀਮਤਾਂ ਕਰਕੇ ਕੇਂਦਰ ਬਿੰਦੂ ਬਣੇ ਰਹਿਣਗੇ।

ਲੇਖਕ: ਤਰਨਦੀਪ ਬਿਲਾਸਪੁਰ