ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ਵਿੱਚ ਸੁਧਾਰ ਕੀਤਾ ਗਿਆ ਹੈ, ਜਿਸ ਤਹਿਤ ਸਟੇਟ ਦੇ ਵਸਨੀਕਾਂ ਨੂੰ ਸਾਲ ’ਚ ਦੋ ਵਾਧੂ ਦਿਨਾਂ ਦੀ ਛੁੱਟੀ ਮਿਲੇਗੀ। ਸੋਧੇ ਹੋਏ ਕੈਲੰਡਰ ਵਿੱਚ ਇੱਕ ਨਵੀਂ ‘ਸ਼ੋਅ ਡੇਅ’ ਦੀ ਛੁੱਟੀ ਕੀਤੀ ਜਾਵੇਗੀ, ਜੋ ਸਤੰਬਰ-ਅਕਤੂਬਰ ਸਕੂਲ ਦੀਆਂ ਛੁੱਟੀਆਂ ਦੇ ਪਹਿਲੇ ਸੋਮਵਾਰ ਨੂੰ ਹੋਵੇਗੀ।
ਦੂਜੀ ਨਵੀਂ ਛੁੱਟੀ ਈਸਟਰ ਸ਼ਨੀਵਾਰ ਹੋਵੇਗਾ, ਜੋ WA ਨੂੰ ਦੇਸ਼ ਦੇ ਹੋਰ ਸਟੇਟਾਂ ਦੇ ਬਰਾਬਰ ਬਣਾ ਦੇਵੇਗਾ ਜਿਨ੍ਹਾਂ ਵਿੱਚ ਪਹਿਲਾਂ ਹੀ ਗੁੱਡ ਫ੍ਰਾਈਡੇ, ਈਸਟਰ ਸੰਡੇ ਅਤੇ ਈਸਟਰ ਮੰਡੇ ਦੇ ਨਾਲ ਸ਼ਨੀਵਾਰ ਦੀ ਵੀ ਛੁੱਟੀ ਹੁੰਦੀ ਹੈ। ਹੋਰ ਤਬਦੀਲੀਆਂ ਵਿੱਚ WA ਡੇਅ ਨੂੰ ਜੂਨ ਤੋਂ ਨਵੰਬਰ ਦੇ ਦੂਜੇ ਸੋਮਵਾਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਦੋਂ ਮੌਸਮ ਆਮ ਤੌਰ ‘ਤੇ ਧੁੱਪ ਵਾਲਾ ਹੁੰਦਾ ਹੈ। ਇਸ ਤੋਂ ਇਲਾਵਾ ਸਰਦੀਆਂ ’ਚ ਵੀ ਇੱਕ ਛੁੱਟੀ ਹੋਵੇਗੀ, ਕਿਉਂਕਿ ‘ਕਿੰਗਜ਼ ਬਰਥਡੇ’ ਦੀ ਜਨਤਕ ਛੁੱਟੀ ਸਤੰਬਰ ਤੋਂ ਹਟਾ ਕੇ ਜੂਨ ਦੇ ਦੂਜੇ ਸੋਮਵਾਰ ਨੂੰ ਕਰ ਦਿੱਤੀ ਗਈ ਹੈ।
ਸਟੇਟ ਨੂੰ ਦੇਸ਼ ਦੇ ਦੂਜੇ ਸਟੇਟਜ਼ ਨਾਲ ਬਿਹਤਰ ਢੰਗ ਨਾਲ ਜੋੜਨ ਲਈ ‘ਲੇਬਰ ਡੇਅ’ ਦੀ ਤਰੀਕ ਨੂੰ ਵੀ ਮਾਰਚ ਦੇ ਦੂਜੇ ਸੋਮਵਾਰ ਵਿੱਚ ਬਦਲ ਦਿੱਤਾ ਜਾਵੇਗਾ। ਪਰ ਸਟੇਟ ’ਚ ਚੋਣਾਂ ਵਾਲੇ ਸਾਲਾਂ ਦੌਰਾਨ ਲੰਬੇ ਵੀਕਐਂਡ ਤੋਂ ਬਚਣ ਲਈ, ਇਹ ਛੁੱਟੀ ਮਾਰਚ ਦੇ ਤੀਜੇ ਸੋਮਵਾਰ ਨੂੰ ਕਰ ਦਿੱਤੀ ਜਾਵੇਗੀ।
ਤਬਦੀਲੀਆਂ ਨਾਲ WA ਵਿੱਚ ਵੀ ਹਰ ਸਾਲ ਕੁੱਲ 13 ਸਰਕਾਰੀ ਛੁੱਟੀਆਂ ਹੋਣਗੀਆਂ, ਜਿਵੇਂ ਕਿ ਵਿਕਟੋਰੀਆ ਅਤੇ ACT ’ਚ ਹੁੰਦੀਆਂ ਹਨ। ਨਵੇਂ ਕੈਲੰਡਰ ਨੂੰ ਇਸ ਹਫਤੇ ਸਟੇਟ ਦੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਨਵੀਂਆਂ ਛੁੱਟੀਆਂ 2028 ਵਿੱਚ ਲਾਗੂ ਹੋਣਗੀਆਂ। WA ਸਰਕਾਰ ਦਾ ਕਹਿਣਾ ਹੈ ਕਿ ਸੁਧਾਰਾਂ ਦੇ ਐਲਾਨ ਤੋਂ ਪਹਿਲਾਂ ਉਸ ਨੂੰ ਕਮਿਊਨਿਟੀ ਸਮੂਹਾਂ, ਕਾਰੋਬਾਰਾਂ ਅਤੇ ਆਮ ਲੋਕਾਂ ਤੋਂ 10,000 ਬੇਨਤੀਆਂ ਪ੍ਰਾਪਤ ਹੋਈਆਂ ਸਨ। ਪ੍ਰੀਮੀਅਰ ਰੋਜਰ ਕੁੱਕ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਕਮਿਉਨਿਟੀ ਦੀ ਬਿਹਤਰ ਸੇਵਾ ਕਰਨ ਲਈ WA ਜਨਤਕ ਛੁੱਟੀਆਂ ਦੇ ਕੈਲੰਡਰ ਨੂੰ ‘ਆਧੁਨਿਕੀਕਰਨ’ ਬਾਰੇ ਹਨ।