ਮੈਲਬਰਨ : ਵਿਰੋਧੀ ਧਿਰ ਦੀ ਨੇਤਾ Sussan Ley ਨੇ ਸੈਨੇਟਰ Jacinta Price ਦੀਆਂ ਟਿੱਪਣੀਆਂ ਲਈ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਤੋਂ ਮੁਆਫੀ ਮੰਗ ਲਈ ਹੈ। ਪਰ ਇਸ ਮੁੱਦੇ ਉੱਤੇ ਪਾਰਟੀ ਅੰਦਰ ਪਹਿਲਾਂ ਹੀ ਉਥਲ-ਪੁਥਲ ਪੈਦਾ ਹੋ ਗਈ ਹੈ।
Jacinta Price ਨੇ ਅੱਠ ਦਿਨ ਪਹਿਲਾਂ ਇਹ ਟਿੱਪਣੀ ਕਰ ਕੇ ਵਿਵਾਦ ਪੈਦਾ ਕਰ ਦਿੱਤਾ ਸੀ ਕਿ ਸਰਕਾਰ ਲੇਬਰ ਪਾਰਟੀ ਦੀ ਵੋਟ ਵਧਾਉਣ ਲਈ ਭਾਰਤੀ ਮਾਈਗਰੈਂਟਸ ਦੀ ਤਰਫ਼ਦਾਰੀ ਕਰ ਰਹੀ ਹੈ। ਲਿਬਰਲ ਲੀਡਰ ਨੇ ਉਨ੍ਹਾਂ ਦੀ ਟਿੱਪਣੀ ਤੋਂ ਅੱਠ ਦਿਨ ਬਾਅਦ ਮੁਆਫ਼ੀ ਮੰਗਦਿਆਂ ਕਿਹਾ, ‘‘ਲਿਬਰਲ ਪਾਰਟੀ ਦੀ ਲੀਡਰ ਹੋਣ ਦੇ ਨਾਤੇ, ਮੈਂ Jacinta Price ਦੀਆਂ ਟਿੱਪਣੀਆਂ ਤੋਂ ਦੁਖੀ ਹੋਏ ਸਾਰੇ ਇੰਡੀਅਨ ਆਸਟ੍ਰੇਲੀਅਨ ਅਤੇ ਹੋਰਾਂ ਤੋਂ ਵੀ ਮੁਆਫ਼ੀ ਮੰਗਦੀ ਹਾਂ। ਇਨ੍ਹਾਂ ਟਿੱਪਣੀਆਂ ਬਾਰੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ।’’
ਜ਼ਿਕਰਯੋਗ ਹੈ ਕਿ ਕਲ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ Jacinta Price ਨੇ ਆਪਣੀਆਂ ਟਿੱਪਣੀਆਂ ਨੂੰ ਬੇਵਕੂਫ਼ੀ ਭਰੀਆਂ ਮੰਨੀਆਂ ਸਨ ਪਰ ਮੁਆਫ਼ੀ ਨਹੀਂ ਮੰਗੀ ਸੀ, ਜਿਸ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਨੂੰ ਸੰਸਦ ’ਚ ਫਰੰਟਬੈਂਚ ਤੋਂ ਹਟਾ ਦਿੱਤਾ ਗਿਆ ਸੀ। ਦਰਅਸਲ ਉਨ੍ਹਾਂ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਨੂੰ ਟਾਲ ਦਿੱਤਾ ਸੀ ਕਿ ਉਹ Sussan Ley ਦੀ ਲੀਡਰਸ਼ਪਿ ਦਾ ਸਮਰਥਨ ਕਰਦੇ ਹਨ ਜਾਂ ਨਹੀਂ। Coalition ਨੂੰ ਉਮੀਦ ਹੈ ਕਿ Price ਆਖਰਕਾਰ ਇੱਕ ਪ੍ਰਮੁੱਖ ਭੂਮਿਕਾ ਵਿੱਚ ਵਾਪਸ ਆ ਜਾਵੇਗੀ, ਪਰ ਇਸ ਘਟਨਾ ਨੇ ਪਾਰਟੀ ’ਚ ਅੰਦਰੂਨੀ ਉਥਲ-ਪੁਥਲ ਪੈਦਾ ਕਰ ਦਿੱਤੀ ਅਤੇ ਲੀਡਰਸ਼ਿਪ ਤੇ ਮਾਈਗਰੇਸ਼ਨ ਨੀਤੀ ਨੂੰ ਲੈ ਕੇ ਲਿਬਰਲ ਪਾਰਟੀ ਦੇ ਅੰਦਰ ਤਣਾਅ ਨੂੰ ਉਜਾਗਰ ਕਰ ਦਿੱਤਾ। ਪਰ ਸੀਨੀਅਰ ਲਿਬਰਲ ਨੇਤਾਵਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ Sussan Ley ਦੀ ਲੀਡਰਸ਼ਿਪ ਨੂੰ ਤੁਰੰਤ ਕੋਈ ਖ਼ਤਰਾ ਨਹੀਂ ਹੈ।
Coalition ਦੇ ਫਰੰਟਬੈਂਚ ’ਤੇ Price ਦੀ ਥਾਂ ਕੌਣ ਲਵੇਗਾ ਇਸ ਬਾਰੇ ਅਟਕਲਾਂ ਪਹਿਲਾਂ ਹੀ ਚੱਲ ਰਹੀਆਂ ਹਨ। ਅਫਗਾਨਿਸਤਾਨ ਦੇ ਵੈਟਰਨ Phil Thompson ਅਤੇ ਤਸਮਾਨੀਆ ਦੇ ਸੈਨੇਟਰ Claire Chandler ਨੂੰ ਰੱਖਿਆ ਉਦਯੋਗ ਦੇ ਸਹਾਇਕ ਮੰਤਰੀ ਦੀ ਭੂਮਿਕਾ ਲਈ ਸੰਭਾਵਤ ਬਦਲ ਵਜੋਂ ਪੇਸ਼ ਕੀਤਾ ਗਿਆ ਹੈ।