ਮੈਲਬਰਨ : ਲਿਬਰਲ ਸੈਨੇਟਰ Jacinta Price ਨੇ ਅੱਜ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਵਿਰੁਧ ਪਿਛਲੇ ਦਿਨੀਂ ਕੀਤੀ ਆਪਣੀ ਇੱਕ ਟਿੱਪਣੀ ਬਾਰੇ ਸਫ਼ਾਈ ਦੇਣ ਲਈ ਪ੍ਰੈੱਸ ਕਾਨਫ਼ਰੰਸ ਸੱਦੀ। ਪ੍ਰੈੱਸ ਕਾਨਫ਼ਰੰਸ ’ਚ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੀ ਟਿੱਪਣੀ ‘ਬੇਵਕੂਫ਼ੀ’ ਭਰੀ ਸੀ ਪਰ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਪੂਰੇ ਆਸਟ੍ਰੇਲੀਆ ਦੇ ਲੀਡਰ ਅਤੇ ਖ਼ੁਦ ਕਮਿਊਨਿਟੀ ਵੀ ਮੰਗ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ Jacinta Price ਨੇ ਇਹ ਦਾਅਵਾ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਫੈਡਰਲ ਸਰਕਾਰ ਲੇਬਰ ਪਾਰਟੀ ਵੱਲ ਵੋਟਾਂ ਨੂੰ ਮੋੜਨ ਲਈ ਭਾਰਤੀ ਮੂਲ ਦੇ ਲੋਕਾਂ ਦਾ ਪ੍ਰਵਾਸ ਵਧਾ ਰਹੀ ਹੈ। ਬਾਅਦ ਵਿਵਾਦ ਭਖਣ ਮਗਰੋਂ ਉਨ੍ਹਾਂ ਨੇ ਮੰਨਿਆ ਸੀ ਕਿ ਉਨ੍ਹਾਂ ਦਾ ਇਹ ਬਿਆਨ “ਗਲਤ” ਹੈ।
ਹਾਲਾਂਕਿ ਉਨ੍ਹਾਂ ਦੀ ਪਾਰਟੀ ’ਚ ਸਾਥੀ ਲਿਬਰਲ ਸੰਸਦ ਮੈਂਬਰ Julian Leeser ਨੇ ਉਨ੍ਹਾਂ ਦੀ ਤਰਫੋਂ ਮੁਆਫੀ ਮੰਗ ਲਈ ਸੀ, ਜਦੋਂ ਕਿ ਵਿਰੋਧੀ ਧਿਰ ਦੀ ਨੇਤਾ Sussan Ley ਨੇ ਭਾਰਤੀ ਮੂਲ ਦੇ ਲੋਕਾਂ ਨਾਲ ਪਾਰਟੀ ਦੇ ਸਬੰਧਾਂ ਨੂੰ ਸੁਧਾਰਨ ਲਈ ਸਿਡਨੀ ਦੇ ‘ਲਿਟਲ ਇੰਡੀਆ’ ਦਾ ਦੌਰਾ ਕੀਤਾ ਸੀ।
ਅੱਜ ਦੀ ਪ੍ਰੈੱਸ ਕਾਨਫ਼ਰੰਸ ਵਿੱਚ Price ਨੇ ਕਿਹਾ ਕਿ ਉਹ ਆਪਣੀ ਟਿੱਪਣੀ ’ਤੇ ਮੌਜੂਦਾ ਵਿਵਾਦ ਨੂੰ ਪਿੱਛੇ ਛੱਡ ਕੇ ਅੱਗੇ ਨਿਕਲਣਾ ਚਾਹੁੰਦੇ ਹਨ ਕਿਉਂਕਿ, ‘‘ਮੈਨੂੰ ਲੋਕਾਂ ਨੇ ਆਪਣੇ ਮੁੱਦੇ ਚੁੱਕਣ ਲਈ ਚੁਣਿਆ ਹੈ।’’ ਉਨ੍ਹਾਂ ਨੇ ਇਸ ਦੌਰਾਨ ਵੱਡੇ ਪੱਧਰ ’ਤੇ ਪ੍ਰਵਾਸ ਦੀਆਂ ਚਿੰਤਾਵਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਉਹ ਵੱਡੇ ਪੱਧਰ ’ਤੇ ਮਾਈਗਰੇਸ਼ਨ ਦੇ ਮੁੱਦੇ ’ਤੇ ਚੁੱਪ ਕਰ ਕੇ ਨਹੀਂ ਬੈਠਣਗੇ।
ਇਹ ਵਿਵਾਦ ਹਾਲ ਹੀ ਵਿੱਚ ਆਸਟ੍ਰੇਲੀਅਨ-ਇੰਡੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਤੋਂ ਬਾਅਦ ਭਖਿਆ ਹੈ ਅਤੇ ਇਸ ਨੇ ਬਹੁ-ਸਭਿਆਚਾਰਵਾਦ ਅਤੇ ਔਰਤਾਂ ਨਾਲ ਅੰਦਰੂਨੀ ਵਿਵਹਾਰ ‘ਤੇ ਲਿਬਰਲ ਪਾਰਟੀ ਦੇ ਰੁਖ ਦੀ ਬਾਰੇ ਸੋਚ-ਵਿਚਾਰ ਤੇਜ਼ ਕਰ ਦਿੱਤੀ ਹੈ।