31 ਅਗਸਤ ਨੂੰ ਆਸਟ੍ਰੇਲੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਹੋਏ ‘ਮਾਰਚ ਫਾਰ ਆਸਟ੍ਰੇਲੀਆ’ ਨੇ ਦੇਸ਼ ਦੀ ਰਾਜਨੀਤੀ ਤੇ ਸਮਾਜਕ ਜੀਵਨ ਵਿੱਚ ਨਵੀਂ ਚਰਚਾ ਛੇੜੀ। ਇਹ ਰੈਲੀਆਂ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਨੈਸ਼ਨਲਿਜ਼ਮ ਦੇ ਨਾਂ ’ਤੇ ਕੀਤਾ ਗਿਆ ਸੀ, ਦਰਅਸਲ ਇਹ ਮਾਈਗਰੈਂਟਸ ਖ਼ਿਲਾਫ਼ ਨਾਅਰਿਆਂ ਤੇ ਵਿਰੋਧੀ ਏਜੰਡੇ ਦੇ ਨਾਲ-ਨਾਲ ਧੁਰ ਸੱਜੇ ਪੱਖੀ ਸਿਆਸਤ ਨਾਲ ਭਰੀਆਂ ਹੋਈਆਂ ਸਨ। ਇਸ ਵਿੱਚ ਸਭ ਤੋਂ ਵੱਧ ਨਿਸ਼ਾਨਾ ਭਾਰਤੀ ਭਾਈਚਾਰੇ ਨੂੰ ਬਣਾਇਆ ਗਿਆ, ਜਿਸ ਨਾਲ ਪਰਵਾਸੀ ਪਰਿਵਾਰਾਂ ਵਿੱਚ ਡਰ ਅਤੇ ਅਣਭਰੋਸੇ ਦੀ ਭਾਵਨਾ ਦੇਖਣ ਨੂੰ ਮਿਲ ਰਹੀ ਹੈ।
ਮੈਲਬਰਨ ਵਿੱਚ ਕਈ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਸਲਾਹ ਦਿੱਤੀ, ਜਦਕਿ ਸਿਡਨੀ ਵਿੱਚ ਰਾਤ ਦੀਆਂ ਸ਼ਿਫ਼ਟਾਂ ਕਰਨ ਵਾਲੇ ਕਈ ਭਾਰਤੀ ਡਰਾਈਵਰਾਂ ਨੇ ਆਪਣੇ ਐਪ ਬੰਦ ਕਰ ਦਿੱਤੇ। ਯੂਨੀਵਰਸਿਟੀਆਂ ਨੇ ਵੀ ਸੁਰੱਖਿਆ ਪ੍ਰਬੰਧ ਵਧਾਏ ਅਤੇ ਕਾਊਂਸਲਿੰਗ ਸਹੂਲਤਾਂ ਮੁਹੱਈਆ ਕਰਵਾਈਆਂ। ਇਹ ਸਿਰਫ਼ ਨਵੇਂ ਆਏ ਮਾਈਗਰੈਂਟਸ ਲਈ ਨਹੀਂ, ਸਗੋਂ ਦਹਾਕਿਆਂ ਤੋਂ ਰਹਿ ਰਹੇ ਪਰਿਵਾਰਾਂ ਲਈ ਵੀ ਇੱਕ ਸਖ਼ਤ ਪ੍ਰੀਖਿਆ ਬਣ ਗਈ ਕਿ ਨਫ਼ਰਤ ਦੀ ਸਿਆਸਤ ਅਜੇ ਵੀ ਇਸ ਨਸਲੀ ਭਿੰਨਤਾਵਾਂ ਨਾਲ ਭਰਭੂਰ ਮੁਲਕ ਵਿੱਚ ਕਿਤੇ ਮੌਜੂਦ ਹੈ।
ਫੈਡਰਲ ਪੱਧਰ ’ਤੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਹੋਰ ਮੰਤਰੀਆਂ ਨੇ ਰੈਲੀਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ “ਨਸਲਵਾਦੀ ਤੇ ਗ਼ੈਰ-ਆਸਟ੍ਰੇਲੀਆਈ” ਹਨ। ਉਨ੍ਹਾਂ ਨੇ ਭਾਰਤੀ ਆਸਟ੍ਰੇਲੀਆਈਆਂ ਨੂੰ ਦੇਸ਼ ਦਾ “ਅਹਿਮ ਹਿੱਸਾ” ਦੱਸਿਆ ਅਤੇ ਕਿਹਾ ਕਿ ਬਹੁ-ਸੱਭਿਆਚਾਰਕ ਮਾਡਲ ਕਿਸੇ ਵੀ ਹਾਲਤ ਵਿੱਚ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ।
ਉੱਧਰ ਵਿਵਾਦ ਉਸ ਸਮੇਂ ਥੋੜ੍ਹਾ ਹੋਰ ਗੂੜ੍ਹਾ ਹੋ ਗਿਆ ਜਦੋਂ ਲਿਬਰਲ ਪਾਰਟੀ ਦੀ ਸੀਨੇਟਰ ਜੈਸਿੰਟਾ ਪ੍ਰਾਈਸ ਨੇ ਕਿਹਾ ਕਿ ਭਾਰਤੀ ਮਾਈਗ੍ਰੇਸ਼ਨ ਰਾਜਨੀਤਿਕ ਮਕਸਦਾਂ ਨਾਲ ਜੋੜੀ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਨਾ ਸਿਰਫ਼ ਭਾਰਤੀ ਭਾਈਚਾਰਾ ਨਾਰਾਜ਼ ਹੋਇਆ ਸਗੋਂ ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ਵੀ ਸਖ਼ਤ ਵਿਰੋਧ ਉੱਠਿਆ। ਸਾਬਕਾ ਮੰਤਰੀ ਐਲੈਕਸ ਹਾਕ ਅਤੇ ਬਾਰਨਾਬੀ ਜੋਏਸ ਨੇ ਉਨ੍ਹਾਂ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ। ਇਸੇ ਦੌਰਾਨ ਨਿਊ ਸਾਊਥ ਵੇਲਜ਼ ਦੇ ਲਿਬਰਲ ਲੀਡਰ ਮਾਰਕ ਸਪੀਕਮੈਨ ਅਤੇ ਲਿਬਰਲ ਪਾਰਟੀ ਦੀ ਮੁਖੀ ਲੀਡਰ ਸੁਸਨ ਲੇ ਨੇ ਭਾਰਤੀ ਭਾਈਚਾਰੇ ਤੋਂ ਇਸ ਬਿਆਨ ਲਈ ਖੇਦ ਪ੍ਰਗਟ ਕੀਤਾ।
ਇਸ ਸਿਆਸੀ ਹਲਚਲ ਦੇ ਅੱਧ ’ਚ, ਨਿਊ ਸਾਊਥ ਵੇਲਜ਼ ਦੀ ਮਿੰਨਜ਼ ਲੇਬਰ ਸਰਕਾਰ ਨੇ ਭਾਰਤੀ ਕਮਿਊਨਿਟੀ ਨਾਲ ਇਕ ਗੋਲ ਮੇਜ਼ ਬੈਠਕ ਕੀਤੀ ਜਿਸ ਵਿੱਚ 40 ਤੋਂ ਵੱਧ ਭਾਰਤੀ ਆਗੂਆਂ ਨੇ ਹਿੱਸਾ ਲਿਆ। ਪ੍ਰੀਮੀਅਰ ਕ੍ਰਿਸ ਮਿੰਨਜ਼ ਨੇ ਐਲਾਨ ਕੀਤਾ ਕਿ ਰਾਜ ਦੀ ਸੰਸਦ ਵਿੱਚ ਇੱਕ ਬਾਇਪਾਰਟਿਸਨ ਮੋਸ਼ਨ ਪਾਸ ਕਰਵਾਇਆ ਜਾਵੇਗਾ ਤਾਂ ਜੋ ਭਾਰਤੀ ਆਸਟ੍ਰੇਲੀਆਈਆਂ ਦੀ ਯੋਗਦਾਨ ਦੀ ਸਰਕਾਰੀ ਮਾਨਤਾ ਹੋ ਸਕੇ।
ਕੱਲ੍ਹ ਹੀ ਨਿਊ ਸਾਊਥ ਵੇਲਜ਼ ਦੀ ਸੱਭਿਆਚਾਰ ਤੇ ਬਹੁ-ਸੰਸਕ੍ਰਿਤੀ ਮੰਤਰੀ ਨੇ ਵੀ ਭਾਰਤੀ ਕਮਿਊਨਿਟੀ ਲਈ ਸਹਿਯੋਗ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਇਹ ਲੋਕ ਰਾਜ ਦੀ ਆਰਥਿਕਤਾ, ਸੱਭਿਆਚਾਰ ਅਤੇ ਸਮਾਜਕ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੇ ਸ਼ਬਦ ਸਨ: “ਇਹ ਸਮਾਂ ਹੈ ਇਕੱਠੇ ਖੜ੍ਹਨ ਦਾ, ਨਾ ਕਿ ਵੰਡ ਪੈਦਾ ਕਰਨ ਦਾ।”
ਕੁਈਨਜ਼ਲੈਂਡ ਵਿੱਚ ਵੀ ਵਿਰੋਧੀ ਧਿਰ ਦੇ ਆਗੂ ਡੇਵਿਡ ਕ੍ਰਿਸਾਫੁਲੀ ਨੇ ਭਾਰਤੀ ਕਮਿਊਨਿਟੀ ਨੂੰ “ਕੁਈਨਜ਼ਲੈਂਡ ਦੀ ਤਰੱਕੀ ਦਾ ਹਿੱਸਾ” ਦੱਸਿਆ ਅਤੇ ਮਾਈਗ੍ਰੇਸ਼ਨ ਦੀ ਸੰਤੁਲਿਤ ਨੀਤੀ ਬਣਾਉਣ ਦੀ ਗੱਲ ਕੀਤੀ।
ਅੱਜ ਭਾਰਤੀ ਆਸਟ੍ਰੇਲੀਆਈਆਂ ਦੀ ਗਿਣਤੀ 15 ਲੱਖ ਤੋਂ ਵੱਧ ਹੈ। ਪਿਛਲੇ ਹਫ਼ਤਿਆਂ ਦੀਆਂ ਘਟਨਾਵਾਂ ਉਨ੍ਹਾਂ ਲਈ ਦੁਖਦਾਈ ਵੀ ਰਹੀਆਂ, ਪਰ ਨਾਲ ਹੀ ਇਹ ਭਰੋਸੇਮੰਦ ਵੀ ਕਿ ਆਸਟ੍ਰੇਲੀਆਈ ਸਮਾਜ ਵਿੱਚ ਉਨ੍ਹਾਂ ਦੀ ਜਗ੍ਹਾ ਅਟੁੱਟ ਹੈ।
ਇਕ ਕਮਿਊਨਿਟੀ ਆਗੂ ਨੇ ਕਿਹਾ: “ਅਸੀਂ ਇੱਥੇ ਯੋਗਦਾਨ ਪਾਉਣ ਲਈ ਆਏ ਹਾਂ, ਵੰਡ ਪੈਦਾ ਕਰਨ ਲਈ ਨਹੀਂ। ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਆਗੂ ਨਫ਼ਰਤ ਦੀ ਸਿਆਸਤ ਨੂੰ ਰੱਦ ਕਰ ਰਹੇ ਹਨ।”
ਸਾਰੇ ਰਾਜਨੀਤਕ ਪੱਖਾਂ ਵਿੱਚ ਹੁਣ ਸੁਨੇਹਾ ਸਾਫ਼ ਹੈ: ਭਾਰਤੀ ਪਰਵਾਸੀ ਆਸਟ੍ਰੇਲੀਆ ਦੀ ਤਰੱਕੀ ਦੀ ਕਹਾਣੀ ਦਾ ਅਹਿਮ ਹਿੱਸਾ ਹਨ।
-ਤਰਨਦੀਪ ਬਿਲਾਸਪੁਰ