ਭਾਰਤੀ ਮੂਲ ਦੇ ਲੋਕਾਂ ਨਾਲ ਸਬੰਧਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ’ਚ ਲਿਬਰਲ ਨੇਤਾ, ਪਰ ਮੁਆਫੀ ਮੰਗਣ ਤੋਂ ਵੱਟਿਆ ਟਾਲਾ

ਮੈਲਬਰਨ : ਇੱਕ ਸੈਨੇਟਰ ਵੱਲੋਂ ਭਾਰਤੀ ਮੂਲ ਦੇ ਮਾਈਗਰੈਂਟਸ ਉਤੇ ਕੀਤੀ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਲਿਬਰਲ ਪਾਰਟੀ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਆਪਣੇ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਕੋਸ਼ਿਸ਼ ਹੇਠ ਵਿਰੋਧੀ ਧਿਰ ਦੀ ਨੇਤਾ Sussan Ley ਨੇ ਐਤਵਾਰ ਦੁਪਹਿਰ ਨੂੰ ਵੈਸਟਰਨ ਸਿਡਨੀ ਦੇ ਸਬਅਰਬ Harris Park ਦਾ ਦੌਰਾ ਕੀਤਾ, ਜਿਸ ਨੂੰ ‘ਲਿਟਲ ਇੰਡੀਆ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਭਾਈਚਾਰੇ ਨੇ ਮੁਸਕਰਾਹਟਾਂ ਅਤੇ ਫੁੱਲਾਂ ਨਾਲ Ley ਦਾ ਸਵਾਗਤ ਕੀਤਾ, ਅਤੇ ਉਨ੍ਹਾਂ ਨੂੰ ਇਲਾਕੇ ਦੇ ਪੈਦਲ ਦੌਰੇ ’ਤੇ ਵੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਸਥਾਨਕ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇੱਕ ਰੈਸਟੋਰੈਂਟ ਵਿੱਚ ਭੋਜਨ ਦਾ ਸੁਆਦ ਵੀ ਚਖਿਆ।

ਹਾਲਾਂਕਿ ਉਨ੍ਹਾਂ ਨੇ coalition ਵੱਲੋਂ ਸੈਨੇਟਰ Jacinta Price ਦੀਆਂ ਟਿੱਪਣੀਆਂ ਲਈ ਰਸਮੀ ਤੌਰ ’ਤੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ, ਪਰ ਉਨ੍ਹਾਂ ਕਿਹਾ ਕਿ ਇਹ ਟਿੱਪਣੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ। ਉਨ੍ਹਾਂ ਨੇ ਕਿਹਾ, ‘‘ਟਿੱਪਣੀਆਂ ਗਲਤ ਸਨ, ਇਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ, ਜਿਸ ਕਾਰਨ ਸੁਧਾਰ ਵੀ ਕੀਤੇ ਗਏ ਹਨ। ਅਸੀਂ ਆਪਣੇ ਭਾਰਤੀ ਭਾਈਚਾਰੇ ਦੀ ਕਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ ਅਤੇ ਪਿਆਰ ਕਰਦੇ ਹਾਂ, ਜਿਵੇਂ ਕਿ ਅਸੀਂ ਆਪਣੇ ਸਾਰੇ ਮਾਈਗਰੈਂਟ ਭਾਈਚਾਰਿਆਂ ਨੂੰ ਕਰਦੇ ਹਾਂ। ਮੈਨੂੰ ਭਾਰਤੀ ਭਾਈਚਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਜੋ ਸੁਣਿਆ ਉਸ ਤੋਂ ਉਹ ਦੁਖੀ ਮਹਿਸੂਸ ਕਰਦੇ ਹਨ।’’

ਜ਼ਿਕਰਯੋਗ ਹੈ ਕਿ Price ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਸਰਕਾਰ ਭਾਰਤੀ ਮਾਈਗਰੈਂਟ ਨੂੰ ਇਸ ਲਈ ਲਿਆ ਰਹੀ ਹੈ ਕਿ ਉਹ ਲੇਬਰ ਪਾਰਟੀ ਨੂੰ ਵੋਟ ਦੇਣਗੇ ਅਤੇ ਉਸ ਦੀਆਂ ਨੀਤੀਆਂ ਦਾ ਸਮਰਥਨ ਕਰਨਗੇ। ਹਾਲਾਂਕਿ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਨੇ ਇਕ ਬਿਆਨ ਵਿਚ ਆਪਣੀ ਟਿੱਪਣੀ ਲਈ ਅਫ਼ਸੋਸ ਵੀ ਜ਼ਾਹਰ ਕੀਤਾ ਸੀ। ਉਨ੍ਹਾਂ ਕਿਹਾ ਸੀ, ‘‘ਮੇਰੀ ਟਿੱਪਣੀ ਦਾ ਮਕਸਦ ਕਦੇ ਵੀ ਸਾਡੇ ਭਾਰਤੀ ਭਾਈਚਾਰੇ ਪ੍ਰਤੀ ਅਪਮਾਨਜਨਕ ਨਹੀਂ ਸੀ ਅਤੇ ਮੈਂ ਭਾਰਤੀ ਭਾਈਚਾਰੇ ਜਾਂ ਕਿਸੇ ਹੋਰ ਮਾਈਗਰੈਂਟ ਸਮੂਹ ਨਾਲ ਕਿਸੇ ਵੀ ਤਰ੍ਹਾਂ ਦੀ ਦੁਰਭਾਵਨਾ ਨਹੀਂ ਰੱਖਦੀ।’’

Ley ਵੱਲੋਂ ਭਾਰਤੀ ਪ੍ਰਵਾਸੀਆਂ ਨੂੰ ਆਪਣੀ ਪਾਰਟੀ ਦੇ ਸਮਰਥਨ ਦੀ ਪੇਸ਼ਕਸ਼ ਕਰਨ ਦੇ ਬਾਵਜੂਦ, ਉਨ੍ਹਾਂ ਨੇ ਮੌਜੂਦਾ ਇਮੀਗਰੇਸ਼ਨ ਪ੍ਰਣਾਲੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਬਹੁਤ ਸਾਰੇ ਲੋਕ ਪ੍ਰੋਗਰਾਮਾਂ ਨੂੰ ਚਲਾਉਣ ਦੇ ਤਰੀਕੇ ਵਿੱਚ ਵਿਸ਼ਵਾਸ ਗੁਆ ਰਹੇ ਹਨ। ਉਨ੍ਹਾਂ ਕਿਹਾ, ‘‘ਇੱਥੇ ਮੁੱਦਾ ਪ੍ਰਵਾਸੀਆਂ ਦਾ ਨਹੀਂ, ਸਗੋਂ ਬੁਨਿਆਦੀ ਢਾਂਚੇ ਦਾ ਹੈ।’’