ਐਂਟੀ-ਇਮੀਗ੍ਰੇਸ਼ਨ ਪ੍ਰਦਰਸ਼ਨਕਾਰੀਆਂ ਦੇ ਮੰਚ ’ਤੇ ਉਨ੍ਹਾਂ ਦੀ ਹਮਾਇਤ ਕਰ ਰਹੇ ਭਾਰਤੀ ਨੂੰ ਧੂਹ ਹੇਠਾਂ ਲਾਹਿਆ ਗਿਆ, ਵੀਡੀਉ ਵਾਇਰਲ

ਮੈਲਬਰਨ : ਆਸਟ੍ਰੇਲੀਆ ’ਚ ਇਕ ਸਤੰਬਰ ਨੂੰ ਇਮੀਗ੍ਰੇਸ਼ਨ ਵਿਰੋਧੀ ਰੈਲੀ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਕੁਝ ਸਮੇਂ ਲਈ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਸ ਨੂੰ ਜ਼ਬਰਦਸਤੀ ਸਟੇਜ ਤੋਂ ਹਟਾ ਦਿੱਤਾ ਗਿਆ। ਸਿਡਨੀ ’ਚ ਵਾਪਰੀ ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਪੀਲੇ ਰੰਗ ਦੀ ਟੀ-ਸ਼ਰਟ ਪਹਿਨੇ ਹੋਏ ਇਸ ਵਿਅਕਤੀ ਨੂੰ ਆਰਗੇਨਾਈਜ਼ਰਾਂ ਵਿਚੋਂ ਇਕ ਨੇ ਇਹ ਕਹਿ ਕੇ ਪੇਸ਼ ਕੀਤਾ ਕਿ ‘ਉਹ ਵਿਦੇਸ਼ੀ ਵਰਗਾ ਲੱਗਦਾ ਹੈ। ਪਰ ਉਹ ਇੱਥੇ ਕੁੱਝ ਬੋਲਣਾ ਚਾਹੁੰਦਾ ਹੈ।’’

ਇਸ ਤੋਂ ਬਾਅਦ ਮਾਈਕ੍ਰੋਫ਼ੋਨ ਲੈ ਕੇ, ਉਸ ਨੇ ਬੋਲਣਾ ਸ਼ੁਰੂ ਕੀਤਾ ਅਤੇ ਕਿਹਾ, ‘‘ਹਾਂ, ਮੈਂ ਇੱਕ ਭੂਰੀ ਚਮੜੀ ਵਾਲਾ ਆਦਮੀ ਹਾਂ। ਹਾਂ, ਮੈਂ ਭਾਰਤ ਤੋਂ ਇੱਕ ਇਮੀਗਰੈਂਟ ਹਾਂ, ਪਰ ਮੈਂ ਇੱਥੇ ਸਹੀ ਕਾਰਨ ਕਰਕੇ ਆਇਆ ਹਾਂ। ਅੱਜ ਜੋ ਮੈਂ ਦੇਖ ਰਿਹਾ ਹਾਂ- ਇਹ ਇਮੀਗ੍ਰੇਸ਼ਨ ਨਹੀਂ ਹੈ। ਇਹ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਹੈ। ਉਹ ਸਾਡੇ ਸਭਿਆਚਾਰ ਵਿੱਚ ਨਹੀਂ ਮਿਲ ਰਹੇ ਹਨ; ਉਹ ਇਸ ਨੂੰ ਤੋੜ-ਮਰੋੜ ਰਹੇ ਹਨ। ਇਮੀਗ੍ਰੇਸ਼ਨ ਲੈਣ ਬਾਰੇ ਨਹੀਂ ਬਲਕਿ ਦੇਣ ਬਾਰੇ ਹੈ। ਮੰਗ ਨਹੀਂ ਬਲਕਿ ਸਤਿਕਾਰ ਕਰਨਾ। ਇੱਥੇ ਆ ਕੇ ਲੋਕਾਂ ਨੂੰ ਇੱਥੋਂ ਦੇ ਮਾਹੌਲ ’ਚ ਰਲਣਾ ਚਾਹੀਦਾ ਹੈ। ਪਰ ਹੁਣ ਜੋ ਲੋਕ ਇੱਥੇ ਆ ਰਹੇ ਹਨ ਕਹਿ ਰਹੇ ਹਨ ਕਿ ਆਸਟ੍ਰੇਲੀਆ ਨੂੰ ਸਾਡੇ ਅਨੁਸਾਰ ਢਲਣਾ ਚਾਹੀਦਾ ਹੈ।’’

ਪਰ ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧਦਾ, ਉਸ ਨੂੰ ਇਕ ਵਿਅਕਤੀ ਨੇ ਪਾਸੇ ਧੱਕ ਦਿੱਤਾ ਗਿਆ ਅਤੇ ਉਸ ਤੋਂ ਮਾਈਕ੍ਰੋਫੋਨ ਖੋਹ ਲਿਆ ਗਿਆ। ਬਹੁਤ ਸਾਰੇ ਉਸ ਦੀਆਂ ਗੱਲਾਂ ’ਤੇ ਤਾੜੀਆਂ ਵੀ ਵਜਾ ਰਹੇ ਸਨ ਪਰ ਕਈ ਉਸ ਦਾ ਵਿਰੋਧ ਕਰ ਰਹੇ ਸਨ। ਇਹ ਘਟਨਾ ਇੱਕ ਵੀਡੀਓ ਵਿੱਚ ਕੈਦ ਹੋ ਗਈ ਜੋ ਉਦੋਂ ਤੋਂ ਆਨਲਾਈਨ ਵਿਆਪਕ ਤੌਰ ’ਤੇ ਫੈਲ ਗਈ ਹੈ। ਜ਼ਿਕਰਯੋਗ ਹੈ ਕਿ ਇਹ ਰੈਲੀ ਦੇਸ਼ ਭਰ ਵਿੱਚ ‘ਮਾਰਚ ਫਾਰ ਆਸਟ੍ਰੇਲੀਆ’ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਸੀ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਇਮੀਗ੍ਰੇਸ਼ਨ ਦੇ ਅਸਥਿਰ ਪੱਧਰਾਂ ਦਾ ਵਿਰੋਧ ਕੀਤਾ। ਵਿਰੋਧ ਪ੍ਰਦਰਸ਼ਨਾਂ ਦੀ ਵਿਆਪਕ ਸਿਆਸੀ ਨਿਖੇਧੀ ਹੋਈ ਹੈ, ਜਿਸ ਵਿਚ ਨਿਓ-ਨਾਜ਼ੀ ਲੋਕਾਂ ਵੱਲੋਂ ਵੀ ਹਿੰਸਾ ਲੈਣ ਦੀਆਂ ਖ਼ਬਰਾਂ ਹਨ।