ਸਿਡਨੀ ਦੇ ਵਕੀਲ Sylvan Singh ’ਤੇ ਲੱਗੇ ਅਗਵਾ ਕਰ ਕੇ ਫ਼ਿਰੌਤੀ ਮੰਗਣ ਦੇ ਦੋਸ਼

ਮੈਲਬਰਨ : ਸਿਡਨੀ ’ਚ ਰਹਿੰਦੇ 26 ਸਾਲ ਦੇ ਵਕੀਲ Sylvan Singh ’ਤੇ ਅਗਵਾ ਕਰਨ, ਜ਼ਖ਼ਮੀ ਕਰਨ, ਡਰੱਗਜ਼ ਦੀ ਸਪਲਾਈ ਕਰਨ ਅਤੇ ਅਪਰਾਧਕ ਗਰੋਹ ਚਲਾਉਣ ਦੇ ਦੋਸ਼ ਲੱਗੇ ਹਨ। ਉਸ ਨੂੰ ਅੱਜ Liverpool ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ ਲਗਾਇਆ ਕਿ Sylvan Singh ਨਵੰਬਰ 2024 ਦੌਰਾਨ ਇੱਕ ਵਿਅਕਤੀ ਨੂੰ ਅਗਵਾ, ਤਸ਼ੱਦਦ ਕਰਨ ਅਤੇ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਸ਼ਾਮਲ ਸੀ। ਉਸ ਨੂੰ NSW ਪੁਲਿਸ ਦੀ ਗੰਭੀਰ ਜੁਰਮ ਸਕੁਆਡ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਸਖ਼ਤ ਸ਼ਰਤਾਂ ਹੇਠ 250,000 ਡਾਲਰ ਜਮ੍ਹਾਂ ਕਰਵਾਉਣ ’ਤੇ ਜ਼ਮਾਨਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ Sylvan Singh ਇੱਕ ਵਿਰੋਧੀ ਗੈਂਗ ਦੀ ਗੋਲੀਬਾਰੀ ’ਚ ਜ਼ਖ਼ਮੀ ਹੋ ਗਿਆ ਸੀ। ਗੋਲੀਬਾਰੀ ਵਿੱਚ ਇੱਕ ਅੰਡਰਵਰਲਡ ਨਾਲ ਸਬੰਧਤ ਵਿਅਕਤੀ ਦੀ ਮੌਤ ਹੋ ਗਈ ਸੀ ਜੋ Sylvan Singh ਨਾਲ ਉਸੇ ਗੱਡੀ ’ਚ ਬੈਠਾ ਸੀ।