ਮੈਲਬਰਨ : ਆਸਟ੍ਰੇਲੀਆ ਵਿੱਚ 31 ਅਗਸਤ ਨੂੰ “March for Australia” ਦੇ ਨਾਂ ’ਤੇ ਵੱਡੇ ਪੱਧਰ ’ਤੇ ਐਂਟੀ-ਇਮੀਗ੍ਰੇਸ਼ਨ ਮੁਜ਼ਾਹਰਿਆਂ ਦੀ ਯੋਜਨਾ ਬਣਾਈ ਹੈ। ਇਹ ਰੈਲੀਆਂ ਸਿਡਨੀ, ਮੈਲਬਰਨ , ਬ੍ਰਿਸਬੇਨ, ਐਡਲੇਡ, ਪਰਥ ਅਤੇ ਕੈਨਬਰਾ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਹੋਣ ਦੀ ਸੰਭਾਵਨਾ ਹੈ। ਉਕਸਾਊ ਸਲੋਗਨ “Take our country back” ਨਾਲ ਜੁੜੇ ਇਹ ਪ੍ਰੋਟੈਸਟ ਵਾਈਟ ਰੇਸ ਤੇ ਨਸਲਵਾਦੀ ਗਰੁੱਪਾਂ ਦੇ ਪ੍ਰਭਾਵ ਹੇਠ ਮੰਨੇ ਜਾ ਰਹੇ ਹਨ।
ਆਸਟ੍ਰੇਲੀਆਈ ਪੁਲਿਸ ਨੇ ਪ੍ਰਵਾਸੀਆਂ ਨੂੰ ਹਲਕੀ ਚੇਤਾਵਨੀ ਦਿੱਤੀ ਹੈ ਕਿ ਉਹ ਪ੍ਰੋਟੈਸਟ ਵਾਲੇ ਖੇਤਰਾਂ ਤੋਂ ਦੂਰ ਰਹਿਣ, ਆਪਣੀ ਮੌਜੂਦਾ ਸਥਿਤੀ ਪਰਿਵਾਰ ਜਾਂ ਦੋਸਤਾਂ ਨਾਲ ਜ਼ਰੂਰ ਸਾਂਝੀ ਕਰਨ ਅਤੇ ਐਮਰਜੈਂਸੀ ਸੰਪਰਕ ਆਪਣੇ ਕੋਲ ਰੱਖਣ। ਪੁਲਿਸ ਦਾ ਕਹਿਣਾ ਹੈ ਕਿ ਹਾਲਾਤ ਤਣਾਅਪੂਰਨ ਵੀ ਹੋ ਸਕਦੇ ਹਨ ਅਤੇ ਹਿੰਸਕ ਝੜਪਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸੇ ਦੌਰਾਨ ਆਸਟ੍ਰੇਲੀਆਈ ਮੀਡੀਆ ਸ਼ਖਸੀਅਤ Abbie Chatfield ਨੇ ਇਨ੍ਹਾਂ ਮੁਜ਼ਾਹਰਿਆਂ ਦੀ ਖੁੱਲ੍ਹਾ ਵਿਰੋਧ ਕੀਤਾ ਹੈ। ਉਸ ਨੇ ਕਿਹਾ ਕਿ ਇਹ ਪ੍ਰੋਟੈਸਟ ਨਸਲਵਾਦੀ ਅਤੇ ਵੰਡ ਪੈਦਾ ਕਰਨ ਵਾਲੇ ਹਨ, ਜਦਕਿ ਅਸਲ ਵਿੱਚ ਪ੍ਰਵਾਸੀਆਂ ਨੇ ਦੇਸ਼ ਦੀ ਅਰਥਵਿਵਸਥਾ ਅਤੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਸਲੀ ਦੇਸ਼ਭਗਤੀ ਦਿਖਾਉਣ, ਨਾ ਕਿ ਪ੍ਰਵਾਸੀਆਂ ਖ਼ਿਲਾਫ਼ ਘ੍ਰਿਣਾ ਨੂੰ ਵਧਾਉਣ।
ਪੁਲਿਸ ਨੇ ਦੋਹੀਂ ਪੱਖਾਂ–ਮੁਜ਼ਾਹਰਿਆਂ ਅਤੇ ਕਾਊਂਟਰ-ਮੁਜਾਹਰਿਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ, ਤਾਂ ਜੋ ਲੋਕਤੰਤਰਕ ਹੱਕਾਂ ਦੀ ਅਜ਼ਾਦੀ ਦੌਰਾਨ ਕਾਨੂੰਨ-ਵਿਵਸਥਾ ਬਰਕਰਾਰ ਰਹੇ।