ਆਸਟ੍ਰੇਲੀਆ ਵਿੱਚ ਭਾਰੀ ਬਰਫਬਾਰੀ, ਮੀਂਹ ਤੇ ਹੜ੍ਹਾਂ ਦੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਬਿਊਰੋ ਆਫ ਮੀਟਿਰੋਲੋਜੀ (BOM) ਨੇ ਦੇਸ਼ ਦੇ ਸਾਊਥ ਹਿੱਸਿਆਂ ਲਈ ਗੰਭੀਰ ਮੌਸਮੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦਾ ਅਸਰ ਸਾਊਥ ਆਸਟ੍ਰੇਲੀਆ, ਵਿਕਟੋਰੀਆ, ਤਸਮਾਨੀਆ ਅਤੇ ਨਿਊ ਸਾਊਥ ਵੇਲਜ਼ ਤੇ ACT ਦੇ ਕੁਝ ਖੇਤਰਾਂ ਵਿੱਚ ਪਵੇਗਾ।

ਚੇਤਾਵਨੀ ਮੁਤਾਬਕ, ਅਗਲੇ ਕੁੱਝ ਦਿਨਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਗਤੀ ਨਾਲ ਹਵਾਵਾਂ, ਕਰੀਬ 80 ਮਿਲੀਮੀਟਰ ਤੱਕ ਮੀਂਹ, ਦੀ ਸੰਭਾਵਨਾ ਹੈ। ਬਰਫ਼ੀਲੇ ਝੱਖੜ ਕਾਰਨ ਆਸਟ੍ਰੇਲੀਅਨ ਐਲਪਸ ਵਿੱਚ ਇਸ ਸਾਲ ਦੀ ਸੰਭਾਵਤ ਸਭ ਤੋਂ ਭਾਰੀ ਬਰਫ਼ਬਾਰੀ ਹੋਵੇਗੀ। ਵਿਕਟੋਰੀਆ ਵਿੱਚ 600–700 ਮੀਟਰ ਤੱਕ ਅਤੇ ਤਸਮਾਨੀਆ ਵਿੱਚ 300–400 ਮੀਟਰ ਦੀ ਉਚਾਈ ’ਤੇ ਵੀ ਬਰਫ ਪੈ ਸਕਦੀ ਹੈ।

ਇਸੇ ਵਿਚਕਾਰ, ਸਿਡਨੀ ਵਿੱਚ ਅਗਸਤ ਮਹੀਨੇ ਦੌਰਾਨ ਹੁਣ ਤੱਕ 360 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਹੋ ਚੁੱਕਾ ਹੈ — ਜੋ ਆਮ ਤੋਂ ਲਗਭਗ ਚਾਰ ਗੁਣਾ ਵੱਧ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਖੇਤਰਾਂ ਵਿੱਚ ਹੜ੍ਹਾਂ ਦਾ ਖ਼ਤਰਾ ਬਣਿਆ ਰਹੇਗਾ।