ਜਸਵਿੰਦਰ ਭੱਲਾ ਨੇ ਛਣਕਾਟਾ ਰਾਹੀਂ ਕੀਤੀ ਸੀ ਕਾਮੇਡੀ ਵਿੱਚ ਸ਼ੁਰੂਆਤ, ਜਾਣੋ ਪ੍ਰੋਫ਼ੈਸਰ ਤੋਂ ਕਾਮੇਡੀਅਨ ਬਣਨ ਤਕ ਦਾ ਸਫ਼ਰ

ਮੈਲਬਰਨ : ਪੰਜਾਬੀ ਸਿਨੇਮਾ ਦੇ ਚਮਕਦੇ ਸਿਤਾਰੇ ਅਤੇ ਹਾਸਿਆਂ ਦੇ ਬੇਤਾਜ ਬਾਦਸ਼ਾਹ ਜਸਵਿੰਦਰ ਭੱਲਾ (65) ਦਾ ਸ਼ੁੱਕਰਵਾਰ ਨੂੰ ਮੋਹਾਲੀ ਦੇ ਫ਼ੋਰਟਿਸ ਹਸਪਤਾਲ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਸਨਿਚਰਵਾਰ ਨੂੰ ਦੁਪਹਿਰ 12 ਵਜੇ ਮੋਹਾਲੀ ਦੇ ਨੇੜੇ ਸ਼ਮਸ਼ਾਨ ਘਾਟ ‘ਤੇ ਕੀਤਾ ਜਾਵੇਗਾ।

ਪੰਜਾਬੀ ਫ਼ਿਲਮਾਂ ’ਚ ਉਨ੍ਹਾਂ ਦੇ ਅਨੋਖੇ ਅੰਦਾਜ਼ ਅਤੇ ਜੀਵੰਤ ਕਿਰਦਾਰਾਂ ਨੇ ਲੱਖਾਂ ਦਿਲਾਂ ਵਿੱਖ ਖ਼ਾਸ ਥਾਂ ਬਣਾਈ ਸੀ। ਲੰਮੀ ਬਿਮਾਰ ਮਗਰੋਂ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਪੰਜਾਬੀ ਮਨੋਰੰਜਨ ਜਗਤ ਨੂੰ ਹੈਰਾਨ ਕਰ ਦਿੱਤਾ, ਅਤੇ ਪ੍ਰਸ਼ੰਸਕਾਂ ਵਿਚਕਾਰ ਸੋਗ ਦੀ ਲਹਿਰ ਛਾ ਗਈ। ਉਹ ਪੰਜਾਬੀ ਸਿਨੇਮਾ ਦੇ ਇੱਕ ਅਜਿਹੇ ਸਿਤਾਰੇ ਸਨ, ਜੋ ਪੰਜਾਬੀ ਕਾਮੇਡੀ ਨੂੰ ਇੱਕ ਵੱਖ ਹੀ ਸੁਰ ’ਤੇ ਲੈ ਗਏ। ਉਨ੍ਹਾਂ ਦੀ ਬੇਜੋੜ ਕਾਮਿਕ ਟਾਈਮਿੰਗ, ਸਾਦਗੀ ਅਤੇ ਵਿਅੰਗ ਭਰੇ ਸੰਵਾਦ ਹਰ ਵਰਗ ਦੇ ਦਰਸ਼ਕਾਂ ਨੂੰ ਗੁਦਗੁਦਾਉਂਦੇ ਸਨ। ਉਨ੍ਹਾਂ ਨੇ ਦੋ ਦਰਜਨ ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਬਾਬਲ ਦਾ ਵੇਹੜਾ, ਮਾਹੌਲ ਠੀਕ ਹੈ, ਚੱਕ ਦੇ ਫੱਟੇ, ਮੇਲ ਕਰਾ ਦੇ ਰੱਬਾ, ਜੀਹਨੇ ਮੇਰਾ ਦਿਲ ਲੁੱਟਿਆ, ਪਾਵਰ ਕੱਟ , ਮੈਰਿਜ ਪੈਲੇਸ, ਕੈਰੀ ਆਨ ਜੱਟਾ ਪ੍ਰਸਿੱਧ ਹਨ। ਉਨ੍ਹਾਂ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ। ਉਹ ਆਪਣੇ ਪਿੱਛੇ ਪੁੱਤਰ ਪੁਖਰਾਜ ਭੱਲਾ ਅਤੇ ਧੀ ਅਰਸ਼ਦੀਪ ਕੌਰ ਛੱਡ ਗਏ ਹਨ।

ਉਨ੍ਹਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ। ਉਨ੍ਹਾਂ ਨੇ ਪ੍ਰੋਫ਼ੈਸਰ ਦੇ ਰੂਪ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਉਨ੍ਹਾਂ ਦੀ ਹਾਸ ਪ੍ਰਤਿਭਾ ਨੇ ਉਨ੍ਹਾਂ ਨੂੰ ਮਨੋਰੰਜਨ ਜਗਤ ਦਾ ਸਿਤਾਰਾ ਬਣਾ ਦਿੱਤਾ। ਲੁਧਿਆਣਾ ਵਿੱਚ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ.ਐਸ.ਸੀ. ਐਗਰੀਕਲਚਰ ਕੀਤੀ। ਇਸ ਯੂਨੀਵਰਸਿਟੀ ਤੋਂ ਐਮ.ਐਸ.ਸੀ਼ ਐਗਰੀਕਲਚਰ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਮੇਰਠ ਤੋਂ ਪੀ.ਐਚ.ਡੀ. ਕੀਤੀ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਭਰਤੀ ਹੋਏ ਅਤੇ 31 ਮਈ 2020 ਨੂੰ ਵਿਸਥਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾ ਮੁਕਤ ਹੋਏ।

ਸਕੂਲ ਦੌਰਾਨ ਹੀ ਜਸਵਿੰਦਰ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਗੀਤਾਂ ਨਾਲ ਸਕੂਲ ਦੇ ਹਰ ਸਮਾਗਮ ਵਿਚ ਹਾਜ਼ਰੀ ਲਗਵਾ ਕੇ ਸਕੂਲ ਅਧਿਆਪਕਾਂ ਤੋਂ ਸ਼ਾਬਾਸ਼ ਦੇ ਨਾਲ-ਨਾਲ ਕਈ ਇਨਾਮ ਵੀ ਪ੍ਰਾਪਤ ਕਰਦੇ ਸਨ। ਨੌਵੀਂ ਜਮਾਤ ‘ਚ ਪੜ੍ਹਦਿਆਂ ਹੀ 1975 ਦੇ ਕਰੀਬ ਭੱਲਾ ਦਾ ਪਹਿਲਾ ਗੀਤ ਆਲ ਇੰਡੀਆ ਰੇਡੀਓ ਸਰੋਤਿਆਂ ਤੱਕ ਪਹੁੰਚਾਇਆ। 1975 ਵਿੱਚ ਆਲ ਇੰਡੀਆ ਰੇਡੀਓ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਪ੍ਰੰਤੂ 1988 ਤੋਂ ਆਪਣੇ ਸਹਿਯੋਗੀ ਕਲਾਕਾਰ ਬਾਲ ਮੁਕੰਦ ਸ਼ਰਮਾ ਨਾਲ ਉਨ੍ਹਾਂ ਨੇ ਛਣਕਾਟਾ ਰਾਹੀਂ ਕਮੇਡੀ ਵਿੱਚ ਐਂਟਰੀ ਕੀਤੀ ਜਿਸ ਵਿੱਚ ਉਹ ਚਾਚਾ ਚਤਰ ਸਿੰਘ ਵੱਜੋਂ ਮਕਬੂਲ ਹੋਏ। ਉਨ੍ਹਾਂ ਨੂੰ ਹਾਸਰਸ ਕਲਾਕਾਰ ਵਜੋਂ ਵੱਖਰੀ ਪਛਾਣ ਮਿਲੀ। ਛਣਕਾਟੇ ਵਿੱਚ ਤਿੱਕੜੀ ‘ਚ ਜਸਵਿੰਦਰ ਭੱਲਾ, ਭਤੀਜ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਆਉਂਦੇ ਸਨ। ਇਨ੍ਹਾਂ ਤਿੰਨਾਂ ਨੇ ਲੰਮਾ ਸਮਾਂ ‘ਛਣਕਾਟਾ’ ਟਾਈਟਲ ਹੇਠ ਆਈਆਂ ਐਲਬਮਜ਼ ‘ਚ ਆਪਣੀ ਕਲਾ ਦਾ ਖ਼ੂਬ ਪ੍ਰਦਰਸ਼ਨ ਕੀਤਾ ਤੇ ਸਰੋਤਿਆਂ ਨੇ ਵੀ ਇਨ੍ਹਾਂ ਦੀ ਕਲਾ ਨੂੰ ਕਾਫੀ ਪਿਆਰ ਦਿੱਤਾ ਹੈ। ਇਸ ਮਗਰੋਂ ਉਹ ਹਰ ਵਰ੍ਹੇ ਛਣਕਾਟਾ ਕੱਢਦੇ ਰਹੇ। ਉਹ ਵੱਡੇ-ਵੱਡੇ ਸਿਆਸਤਦਾਨ ਉਤੇ ਵੀ ਤੰਜ ਕੱਸਦੇ ਰਹੇ ਸਨ। ਉਨ੍ਹਾਂ ਨੇ 27 ਤੋਂ ਵੱਧ ਆਡੀਓ ਕੈਸਟਾਂ ਕੱਢੀਆਂ।