ਮੈਲਬਰਨ : ਆਸਟ੍ਰੇਲੀਆ ਵਿੱਚ ਖੇਤੀਬਾੜੀ ਦੀ ਜ਼ਮੀਨ ਦੇ ਭਾਅ 2024 ਦੇ ਵਿੱਤੀ ਵਰੇ ਵਿੱਚ ਮਿਲੀ-ਜੁਲੀ ਸਥਿਤੀ ਵਿੱਚ ਰਹੇ। ਕੁਝ ਰਾਜਾਂ ਵਿੱਚ ਜਿੱਥੇ ਰੇਟ ਕਾਫ਼ੀ ਹੇਠਾਂ ਆਏ, ਉੱਥੇ ਹੀ ਕੁਝ ਹੋਰ ਰਾਜਾਂ ਵਿੱਚ ਵਾਧਾ ਦਰਜ ਕੀਤਾ ਗਿਆ।
ਨਿਊ ਸਾਊਥ ਵੇਲਜ਼ ਵਿੱਚ ਖੇਤੀਬਾੜੀ ਦੀ ਜ਼ਮੀਨ ਦੇ ਕੀਮਤਾਂ ’ਚ ਲਗਭਗ 24 ਫੀਸਦ ਦੀ ਭਾਰੀ ਕਮੀ ਆਈ ਹੈ। ਉੱਥੇ ਹੀ ਵਿਕਟੋਰੀਆ ਵਿੱਚ ਵੀ ਖੇਤੀਬਾੜੀ ਵਾਲੀ ਜ਼ਮੀਨ ਵਿੱਚ 1 ਫੀਸਦ ਦੀ ਗਿਰਾਵਟ ਆਈ ਹੈ। ਇਸ ਦੀ ਮੁੱਖ ਵਜ੍ਹਾ ਹੇਠਾਂ ਖਿਸਕੀ ਮੰਗ, ਖਰਾਬ ਮੌਸਮ ਅਤੇ ਆਰਥਿਕ ਅਣਿਸ਼ਚਿਤਤਾ ਮੰਨੀ ਜਾ ਰਹੀ ਹੈ।
ਦੂਜੇ ਪਾਸੇ, ਵੈਸਟਰਨ ਆਸਟ੍ਰੇਲੀਆ ਵਿੱਚ ਜ਼ਮੀਨ ਦੇ ਭਾਅ ’ਚ ਲਗਭਗ 18.7 ਫੀਸਦ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਕੁਈਨਜ਼ਲੈਂਡ ਵਿੱਚ ਇਹ ਵਾਧਾ 12 ਫੀਸਦ ਰਿਹਾ, ਸਾਊਥ ਆਸਟ੍ਰੇਲੀਆ ਵਿੱਚ ਤਕਰੀਬਨ 2 ਫ਼ੀਸਦ ਰਿਹਾ। ਇੱਥੇ ਖੇਤੀਬਾੜੀ ਲਈ ਸਥਿਰ ਮੌਸਮ ਅਤੇ ਨਿਵੇਸ਼ ਦੀ ਵਧਦੀ ਦਿਲਚਸਪੀ ਕਾਰਨ ਮਾਰਕੀਟ ਨੇ ਮਜ਼ਬੂਤੀ ਦਿਖਾਈ ਹੈ।
ਮਾਹਿਰਾਂ ਦੇ ਅਨੁਸਾਰ, ਇਹ ਫ਼ਰਕ ਹਰ ਸਟੇਟ ਦੀ ਵੱਖ-ਵੱਖ ਮੰਗ, ਜ਼ਮੀਨ ਦੀ ਉਪਲਬਧਤਾ ਅਤੇ ਨੀਤੀਗਤ ਹਾਲਾਤਾਂ ਤੋਂ ਉਤਪੰਨ ਹੋ ਰਿਹਾ ਹੈ। ਪਰ ਜੇਕਰ ਮੁਲਕ ਦਾ ਸਮੁੱਚਾ ਡਾਟਾ ਸੰਯੁਕਤ ਕੀਤਾ ਜਾਵੇ ਤਾਂ ਖੇਤੀਬਾੜੀ ਵਾਲੀ ਜਮੀਨ ’ਚ 2 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।