ਟਰੱਕ ਡਰਾਈਵਰ ਜਸਪ੍ਰੀਤ ਸਿੰਘ ਦੀ ਮੌਤ ਮਗਰੋਂ ਪਤਨੀ ਅਤੇ ਬੇਟੇ ਦਾ ਭਵਿੱਖ ਅਨਿਸ਼ਚਿਤ, GoFundMe ਜ਼ਰੀਏ ਕੀਤੀ ਮਦਦ ਦੀ ਅਪੀਲ

ਮੈਲਬਰਨ : ਪਰਥ ਦੇ ਸਬਅਰਬ Cardup ’ਚ ਸੋਮਵਾਰ ਦੁਪਹਿਰ ਇੱਕ ਫ਼ਰੇਟ ਟਰੇਨ ਅਤੇ ਟਰੱਕ ਦੀ ਭਿਆਨਕ ਟੱਕਰ ’ਚ ਮਾਰੇ ਗਏ ਟਰੱਕ ਡਰਾਈਵਰ ਜਸਪ੍ਰੀਤ ਸਿੰਘ ਦੀ ਮੌਤ ਮਗਰੋਂ ਉਸ ਦਾ ਪਰਿਵਾਰ ਅਜੇ ਤੱਕ ਇਸ ਘਟਨਾ ’ਤੇ ਯਕੀਨ ਕਰਨ ’ਚ ਸੰਘਰਸ਼ ਕਰ ਰਿਹਾ ਹੈ। 41 ਸਾਲ ਦਾ ਜਸਪ੍ਰੀਤ ਸਿੰਘ 2018 ’ਚ ਪਰਿਵਾਰ ਸਮੇਤ ਸਟੂਡੈਂਟ ਵੀਜ਼ਾ ’ਤੇ ਆਸਟ੍ਰੇਲੀਆ ਆਇਆ ਸੀ ਅਤੇ Piara Waters ’ਚ ਵਸ ਗਿਆ ਸੀ। ਆਸਟ੍ਰੇਲੀਆ ’ਚ ਟੈਂਪਰੇਰੀ ਵਸਨੀਕ ਹੋਣ ਕਾਰਨ ਪਤਨੀ ਅਮਨਦੀਪ ਕੌਰ ਅਤੇ ਬੇਟੇ ਸਮਰਵੀਰ ਸਿੰਘ ਦਾ ਭਵਿੱਖ ਅਨਿਸ਼ਚਿਤ ਹੈ।

ਮੀਡੀਆ ਨਾਲ ਗੱਲਬਾਤ ’ਚ ਅਮਨਦੀਪ ਕੌਰ ਨੇ ਕਿਹਾ, ‘‘ਜਸਪ੍ਰੀਤ ਬਹੁਤ ਹੀ ਮਿੱਠਬੋਲੜੇ ਸੁਭਾਅ ਦਾ ਅਤੇ ਹਮੇਸ਼ਾ ਮੁਸਕੁਰਾਉਂਦੇ ਰਹਿਣ ਵਾਲਾ ਵਿਅਕਤੀ ਸੀ। ਉਹ ਮੇਰਾ ਪਤੀ ਹੀ ਨਹੀਂ ਸਭ ਤੋਂ ਵਧੀਆ ਦੋਸਤ ਵੀ ਸੀ। ਇਸ ਹਾਦਸੇ ਨੇ ਤਾਂ ਸਾਡੀ ਦੁਨੀਆ ਹੀ ਉਜਾੜ ਦਿੱਤੀ ਹੈ, ਮੈਨੂੰ ਅਜੇ ਤਕ ਇਸ ’ਤੇ ਯਕੀਨ ਨਹੀਂ ਆ ਰਿਹਾ।’’

ਜਸਪ੍ਰੀਤ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੇ ਕਿਹਾ, ‘‘ਅਸੀਂ ਰੋਜ਼ ਫ਼ੋਨ ’ਤੇ ਗੱਲ ਕਰਦੇ ਹੁੰਦੇ ਸੀ। ਭਰਾ ਤੋਂ ਬਗੈਰ ਜ਼ਿੰਦਗੀ ਜੀਣ ਬਾਰੇ ਸੋਚ ਵੀ ਨਹੀਂ ਸਕਦਾ। ਉਸ ਦੀ ਪਤਨੀ ਅਤੇ ਬੇਟਾ ਭਾਰਤ ਵਾਪਸ ਨਹੀਂ ਜਾ ਸਕਦੇ। ਉਥੇ ਉਨ੍ਹਾਂ ਦਾ ਕੋਈ ਨਹੀਂ। ਉਨ੍ਹਾਂ ਦਾ ਪਰਿਵਾਰ ਇੱਥੇ ਹੀ ਹੈ।’’ ਪੁਲਿਸ ਹਾਦਸੇ ਦੀ ਜਾਂਚ ਜਾਰੀ ਹੈ, ਅਤੇ ਉਸ ਨੇ ਵੇਰਵੇ ਜਾਂ ਕੈਮਰਾ ਫੁਟੇਜ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਕੀਤੀ ਅਪੀਲ।

ਅਮਨਦੀਪ ਕੌਰ ਨੇ ਇਸ ਮੁਸ਼ਕਲ ਸਮੇਂ ’ਚ GoFundMe ਜ਼ਰੀਏ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ: Fundraiser by Amandeep Kaur : Raising funds Jaspreet Singh family supports