ਮੈਲਬਰਨ: ਆਸਟ੍ਰੇਲੀਆ ਦੀ ਟੈਲੀਕਮਿਊਨੀਕੇਸ਼ਨਜ਼ ਕੰਪਨੀ Telstra ਨੇ ਵਿੱਤੀ ਸਾਲ 2025 ਦੇ ਅੰਤ ਤੱਕ 35 ਕਰੋੜ ਡਾਲਰ ਦੀ ਬੱਚਤ ਕਰਨ ਦੇ ਉਦੇਸ਼ ਨਾਲ ਚੁੱਕੇ ਗਏ ਕਦਮਾਂ ਦੀ ਲੜੀ ਦੇ ਹਿੱਸੇ ਵਜੋਂ 2800 ਨੌਕਰੀਆਂ ਵਿਚ ਕਟੌਤੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਯਾਨੀਕਿ ਕੰਪਨੀ ਆਪਣੇ 31,000 ਵਰਕਰਾਂ ’ਚੋਂ ਲਗਭਗ 9 ਫੀਸਦੀ ਦੀ ਛੁੱਟੀ ਕਰ ਦੇਵੇਗੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭੂਮਿਕਾਵਾਂ ਨੂੰ 2024 ਦੇ ਅੰਤ ਤੱਕ ਖਤਮ ਕੀਤੇ ਜਾਣ ਦੀ ਉਮੀਦ ਹੈ, ਜਦਕਿ 377 ਨੌਕਰੀਆਂ ’ਤੇ ਸਲਾਹ-ਮਸ਼ਵਰਾ ਤੁਰੰਤ ਸ਼ੁਰੂ ਹੋਣ ਵਾਲਾ ਹੈ। ਕੰਪਨੀ ਦੇ CEO ਵਿੱਕੀ ਬ੍ਰੈਡੀ ਨੇ ਕਿਹਾ ਕਿ ਨੌਕਰੀਆਂ ’ਚ ਕਟੌਤੀ Telstra ਦੇ ਐਂਟਰਪ੍ਰਾਈਜ਼ ਕਾਰੋਬਾਰ ਨੂੰ ਰੀਸੈੱਟ ਕਰਨ ਦਾ ਨਤੀਜਾ ਹੈ। ਹਾਲਾਂਕਿ, ਉਸਨੇ ਭਰੋਸਾ ਦਿੱਤਾ ਕਿ ਇਹ ਤਬਦੀਲੀਆਂ Telstra ਦੀਆਂ ਕਸਟਮਰ ਸਰਵਵਿਸ ਟੀਮਾਂ ਨੂੰ ਪ੍ਰਭਾਵਤ ਨਹੀਂ ਕਰਨਗੀਆਂ, ਜਿਨ੍ਹਾਂ ’ਚ ਹਾਲ ਹੀ ਦੇ ਸਾਲਾਂ ਦੌਰਾਨ ਮਹੱਤਵਪੂਰਣ ਨਿਵੇਸ਼ ਵੇਖਿਆ ਗਿਆ ਹੈ।