ਮੈਲਬਰਨ: ਬ੍ਰਿਸਬੇਨ ਦੇ ਉੱਤਰੀ ਇਲਾਕੇ ‘ਚ ਉਸਾਰੀ ਅਧੀਨ ਦੋ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ ’ਚ ਤਿੰਨ ਨਾਬਾਲਗਾਂ ’ਤੇ ਦੋਸ਼ ਲਗਾਏ ਗਏ ਹਨ। ਤਿੰਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਅੱਗ ਲੱਗਣ ਨਾਲ ਦੋ ਨਵੇਂ ਘਰ ਤਬਾਹ ਹੋ ਗਏ, ਜਿਨ੍ਹਾਂ ’ਚੋਂ ਇੱਕ ਪੰਜਾਬੀ ਮੂਲ ਦੇ ਪਰਿਵਾਰ ਦਾ ਸੀ। ਮੈਂਗੋ ਹਿੱਲ ਦੇ ਡੀਕਨ ਕ੍ਰੈਸੈਂਟ ‘ਚ ਪਰਸੋਂ ਤੜਕੇ ਕਰੀਬ 2 ਵਜੇ ਅੱਗ ਲੱਗ ਗਈ ਅਤੇ ਬਿਲਡਰ ਨੇ ਇਕ ਘਰ ਦੇ ਨੁਕਸਾਨ ਦਾ ਬਿੱਲ ਲਗਭਗ 10 ਲੱਖ ਡਾਲਰ ਹੋਣ ਦਾ ਅਨੁਮਾਨ ਲਗਾਇਆ ਹੈ। ਹਾਲਾਂਕਿ ਅੱਗ ਲੱਗਣ ਨਾਲ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ।
ਮੈਂਗੋ ਹਿੱਲ ਦੇ ਇਕ 14 ਸਾਲਾ ਲੜਕੇ ਨੂੰ ਅੱਜ ਦੁਪਹਿਰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ‘ਤੇ ਅੱਗ ਲਾਉਣ ਦੇ ਦੋ ਦੋਸ਼ ਲਗਾਏ ਗਏ ਹਨ। ਉਸ ਨੂੰ 17 ਮਈ ਨੂੰ ਰੈਡਕਲਿਫ ਚਿਲਡਰਨ ਕੋਰਟ ਵਿਚ ਪੇਸ਼ ਹੋਣਾ ਹੈ। ਇਸ ਤੋਂ ਪਹਿਲਾਂ ਜਾਂਚ ਕਰਤਾਵਾਂ ਨੇ ਮੈਂਗੋ ਹਿੱਲ ਦੇ 15 ਸਾਲ ਦੇ ਮੁੰਡੇ ਅਤੇ ਸੈਂਡਸਟੋਨ ਪੁਆਇੰਟ ਦੇ ਇਕ 13 ਸਾਲ ਦੇ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨਾਲ ਯੂਥ ਜਸਟਿਸ ਐਕਟ ਤਹਿਤ ਨਜਿੱਠਿਆ ਜਾਵੇਗਾ।