ਆਸਟ੍ਰੇਲੀਆ ਦੇ ਇਸ ਸਟੇਟ ’ਚ ਬੱਚਿਆਂ ’ਤੇ ਸੋਸ਼ਲ ਮੀਡੀਆ ਪਾਬੰਦੀ ਲਾਉਣ ਦੀ ਤਿਆਰੀ, ਜਾਣੋ ਕੀ ਕਹਿਣੈ ਮਾਹਰਾਂ ਦਾ

ਮੈਲਬਰਨ: ਬੱਚਿਆਂ ਦੀ ਮਾਨਸਿਕ ਸਿਹਤ ਦੀ ਰਾਖੀ ਕਰਨ ਦੇ ਉਦੇਸ਼ ਨਾਲ ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਹਾਲਾਂਕਿ, ਮੀਡੀਆ ਅਤੇ ਸੰਚਾਰ ਲੈਕਚਰਾਰ ਡਾ. ਕੈਥਰੀਨ ਪੇਜ ਜੇਫਰੀ ਦਾ ਤਰਕ ਹੈ ਕਿ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਨਾਲੋਂ ਤਕਨੀਕੀ ਕੰਪਨੀਆਂ ਨੂੰ ਜਵਾਬਦੇਹ ਬਣਾਉਣ ਵਾਲਾ ਕਾਨੂੰਨ ਵਧੇਰੇ ਅਸਰਦਾਰ ਹੋਵੇਗਾ। ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਰਿਪੱਕਤਾ ਅਤੇ ਸ਼ਖਸੀਅਤ ਦੇ ਅਧਾਰ ‘ਤੇ ਸੋਸ਼ਲ ਮੀਡੀਆ ਪ੍ਰਯੋਗ ਕਰਨ ਬਾਰੇ ਨਿਯਮ ਨਿਰਧਾਰਤ ਕਰਨ ’ਤੇ ਵੀ ਜ਼ੋਰ ਦਿੱਤਾ।
ਜੇਕਰ ਸੋਸ਼ਲ ਮੀਡੀਆ ’ਤੇ ਪਾਬੰਦੀ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਇਹ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਹੋਵੇਗਾ। ਸਪੇਨ ਅਤੇ ਫਲੋਰੀਡਾ ’ਚ ਅਜਿਹੇ ਕਾਨੂੰਨ ਪਹਿਲਾਂ ਹੀ ਲਾਗੂ ਹਨ। ਪ੍ਰੀਮੀਅਰ ਪੀਟਰ ਮੈਲੀਨੌਸਕਾਸ ਨੇ ਬੱਚਿਆਂ ‘ਤੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੀ ਵਰਤੋਂ ਦੇ ਨੁਕਸਾਨਦੇਹ ਅਸਰਾਂ ਨੂੰ ਦਰਸਾਉਣ ਵਾਲੇ ਅਧਿਐਨਾਂ ਦਾ ਹਵਾਲਾ ਦਿੱਤਾ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਸੀਮਤ ਕਰਨ ਲਈ ਗਲੋਬਲ ਸਰਕਾਰੀ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ਦਿੱਗਜ਼ਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੰਦੇ ਹੋਏ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂ ਕਾਰਵਾਈ ਦਾ ਸਾਹਮਣਾ ਲਈ ਤਿਆਰ ਰਹਿਣ ਲਈ ਕਿਹਾ ਹੈ।

Leave a Comment