ਮੈਲਬਰਨ: ਅਮਰੀਕੀ ਨੇੜੇ ਸਥਿਤ ਕੈਰੇਬੀਆਈ ਦੇਸ਼ ਜਮੈਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੁਬਈ ਤੋਂ ਚਾਰਟਰਡ ਉਡਾਣ ਰਾਹੀਂ ਇੱਥੇ ਪੁੱਜੇ 200 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਜਮੈਕਾ ਦੇ ਪੰਜ ਦਿਨਾ ਟੂਰ ’ਤੇ ਆਏ ਇਨ੍ਹਾਂ ਭਾਰਤੀਆਂ ਦੇ ਦਸਤਾਵੇਜ਼ ਚੈੱਕ ਕਰਨ ਮੌਕੇ ਅਧਿਕਾਰੀਆਂ ਨੂੰ ਜਦੋਂ ਤਸੱਲੀ ਹੋ ਗਈ ਕਿ ਇਹ ਟੂਰਿਸਟ ਨਹੀਂ ਹਨ ਤਾਂ ਉਨ੍ਹਾਂ ਯਾਤਰੀਆਂ ਸਣੇ ਜਹਾਜ਼ ਮੋੜ ਦਿੱਤਾ। ਇਸ ਘਟਨਾ ਨੇ ਪਿਛਲੇ ਸਾਲ ਫਰਾਂਸ ਵਿਚ ਘਟੀ ਮਿਲਦੀ-ਜੁਲਦੀ ਘਟਨਾ ਚੇਤੇ ਕਰਵਾ ਦਿੱਤੀ। ਜਮੈਕਾ ਦੇ ‘ਦਿ ਗਲੀਨਰ ਬਰੌਡਸ਼ੀਟ’ ਵਿਚ ਛਪੀ ਰਿਪੋਰਟ ਮੁਤਾਬਕ, ‘‘ਆਲਮੀ ਪੱਧਰ ’ਤੇ ਭਾਰਤੀ ਨਾਗਰਿਕਾਂ ’ਤੇ ਨਿਗਰਾਨੀ ਰੱਖੀ ਜਾਂਦੀ ਹੈ, ਉਨ੍ਹਾਂ ਦੇ ਜੋਖ਼ਮ ਭਰੇ ਪ੍ਰੋਫਾਈਲ ਕਾਰਨ ਜਮੈਕਾ ਪੁੱਜਣ ’ਤੇ ਇਕ ਅਧਿਕਾਰੀ ਵੱਲੋਂ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਂਦੇ ਹਨ।’’ ਰਿਪੋਰਟ ਮੁਤਾਬਕ ਦੁਬਈ ਤੋਂ ਆਈ ਚਾਰਟਰਡ ਉਡਾਣ ਵਿਚ 253 ਭਾਰਤੀ, ਜਰਮਨ ਚਾਲਕ ਦਲ ਦੇ ਮੈਂਬਰ ਅਤੇ ਫਰਾਂਸ, ਉਜ਼ਬੇਕਿਸਤਾਨ ਤੇ ਰੂਸ ਦਾ ਇਕ ਇਕ ਨਾਗਰਿਕ ਸਵਾਰ ਸਨ।
ਚਾਰਟਰਡ ਹਵਾਈ ਜਹਾਜ਼ 2 ਮਈ ਨੂੰ ਜਮੈਕਾ ਪੁੱਜਿਆ ਸੀ ਅਤੇ 7 ਮਈ ਨੂੰ ਇਸ ਨੂੰ ਵਾਪਸ ਭੇਜ ਦਿੱਤਾ ਗਿਆ। ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ ਪੰਜਾਬ ਦੇ ਕਈ ਨਾਮੀ ਏਜੰਟ ਇਸ ਮਾਮਲੇ ’ਚ ਸ਼ਾਮਲ ਹਨ। ਇੱਕ ਪੰਜਾਬੀ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 50 ਲੱਖ ਰੁਪਏ ’ਚ ਅਮਰੀਕਾ ਜਾਣ ਲਈ ਜਲੰਧਰ ਦੇ ਟਰੈਵਲ ਏਜੰਟ ਨੇ ਰੇਟ ਤੈਅ ਕੀਤਾ ਸੀ ਅਤੇ ਦੁਬਈ ਤੋਂ ਫ਼ਲਾਇਟ ਉੱਡਣ ’ਤੇ 25 ਲੱਖ ਰੁਪਏ ਐਡਵਾਂਸ ਲੈਣ ਦੀ ਗੱਲ ਕੀਤੀ ਸੀ। ਪਰ ਹੁਣ ਵਾਪਸ ਭੇਜੇ ਜਾਣ ਕਾਰਨ ਉਹ ਟਰੈਵਲ ਏਜੰਟ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਵਾਪਸ ਭੇਜਣ ਦੀ ਗੱਲ ਕੀਤੀ ਹੈ।