ਮੈਲਬਰਨ: ਮੈਕਸੀਕੋ ਵਿਚ ਲਾਪਤਾ ਹੋਏ ਦੋ ਆਸਟ੍ਰੇਲੀਆਈ ਅਤੇ ਇਕ ਅਮਰੀਕੀ ਦੀ ਭਾਲ ਵਿਚ ਅਧਿਕਾਰੀਆਂ ਨੂੰ ਚੌਥੀ ਲਾਸ਼ ਵੀ ਮਿਲੀ ਹੈ। ਰਾਤੋ-ਰਾਤ ਇਹ ਖੁਲਾਸਾ ਹੋਇਆ ਸੀ ਕਿ ਤਿੰਨ ਲਾਸ਼ਾਂ ਮਿਲੀਆਂ ਸਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ। ਹੁਣ ਸਥਾਨਕ ਨਿਊਜ਼ ਆਊਟਲੈਟ ਜ਼ੀਟਾ ਨੇ ਦੱਸਿਆ ਕਿ ਚੌਥੀ ਲਾਸ਼ ਮਿਲੀ ਹੈ ਅਤੇ ਇਹ ਇੱਕ ਰੈਂਚ ਮਾਲਕ ਦੀ ਹੈ ਜੋ ਕਈ ਹਫ਼ਤਿਆਂ ਤੋਂ ਲਾਪਤਾ ਸੀ। ਸੈਨ ਡਿਏਗੋ ਯੂਨੀਅਨ-ਟ੍ਰਿਬਿਊਨ ਦੇ ਅਨੁਸਾਰ, ਇਹ ਸਾਰੀਆਂ ਲਾਸ਼ਾਂ ਸੈਂਟੋ ਟੋਮਾਸ ਦੇ ਪੁੰਟਾ ਸੈਨ ਜੋਸ ਵਿਖੇ ਇੱਕ ਚੱਟਾਨ ਦੇ ਨੇੜੇ 15 ਮੀਟਰ ਤੋਂ ਵੱਧ ਡੂੰਘੇ ਖੂਹ ਵਿੱਚੋਂ ਮਿਲੀਆਂ। ਪਰਥ ਵਾਸੀ ਆਸਟ੍ਰੇਲੀਆਈ ਭਰਾ ਕੈਲਮ (33), ਜੈਕ ਰੌਬਿਨਸਨ (30) ਅਤੇ ਅਮਰੀਕੀ ਨਾਗਰਿਕ ਜੈਕ ਰੋਡ (30) ਆਖਰੀ ਵਾਰ 27 ਅਪ੍ਰੈਲ ਨੂੰ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਖੇਤਰ ਦੇ ਰੋਜ਼ਾਰਿਟਾ ਵਿਚ ਸਨ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੋਵਾਂ ਭਰਾਵਾਂ ਦੇ ਮਾਪੇ ਮੈਕਸੀਕੋ ਲਈ ਉਡਾਣ ਭਰ ਰਹੇ ਹਨ। ਰਾਤ ਭਰ ਲਾਸ਼ਾਂ ਮਿਲਣ ਦੇ ਨਾਲ-ਨਾਲ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਿੱਥੇ ਇਹ ਲੋਕ ਰਹਿ ਰਹੇ ਸਨ, ਉੱਥੇ ਟੈਂਟ ਵੀ ਮਿਲੇ ਹਨ। ਲਾਸ਼ਾਂ ਮਿਲਣ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਸੜੀ ਹੋਈ ਕਾਰ ਦੇ ਨਾਲ-ਨਾਲ ਇਕ ਲਾਵਾਰਸ ਕੈਂਪ ਸਾਈਟ ਵੀ ਮਿਲੀ ਹੈ, ਜਿੱਥੋਂ ਖੂਨ ਦੇ ਨਿਸ਼ਾਨ ਅਤੇ ਟੁੱਟੇ ਦੰਦ ਮਿਲੇ ਸਨ।