ਮੈਲਬਰਨ ’ਚ ਪਬਲਿਕ ਹਾਊਸਿੰਗ ਟਾਵਰਸ ਨੂੰ ਢਾਹੁਣ ਵਿਰੁਧ ਮੁਕੱਦਮਾ ਖ਼ਾਰਜ, ਹੁਣ 44 ਉੱਚੀਆਂ ਇਮਾਰਤਾਂ ਨੂੰ ਢਾਹੁਣ ਦੀ ਯੋਜਨਾ ਵਿਰੁਧ ਨਵਾਂ ਕੇਸ ਕਰਨ ਦੀ ਤਿਆਰੀ

ਮੈਲਬਰਨ: ਮੈਲਬਰਨ ਦੇ ਪਬਲਿਕ ਹਾਊਸਿੰਗ ਟਾਵਰਸ ਨੂੰ ਢਾਹੁਣ ਨੂੰ ਲੈ ਕੇ ਵਿਕਟੋਰੀਆ ਸਰਕਾਰ ਵਿਰੁੱਧ ਕਲਾਸ ਐਕਸ਼ਨ ਮੁਕੱਦਮਾ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ, ਪਰ ਇਨ੍ਹਾਂ ਟਾਵਰਾਂ ਦੇ ਵਸਨੀਕਾਂ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਸਰਕਾਰ ਦੀ ਯੋਜਨਾ 2051 ਤੱਕ ਸਾਰੀਆਂ 44 ਉੱਚੀਆਂ ਜਨਤਕ ਰਿਹਾਇਸ਼ਾਂ ਨੂੰ ਢਾਹ ਕੇ ਮੁੜ ਬਣਾਉਣ ਦੀ ਹੈ, ਜਿਸ ਨਾਲ ਇਨ੍ਹਾਂ ਟਾਵਰਾਂ ਦੇ 10,000 ਤੋਂ ਵੱਧ ਵਸਨੀਕਾਂ ਨੂੰ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕਰਨਾ ਪਵੇਗਾ। ਇੱਕ ਹਾਊਸਿੰਗ ਟਾਵਰ ’ਚ ਰਹਿਣ ਵਾਲੇ ਬੈਰੀ ਬੇਰੀਹ ਵੱਲੋਂ ਸ਼ੁਰੂ ਕੀਤੇ ਗਏ ਮੁਕੱਦਮੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਕੈਬਨਿਟ ਵੱਲੋਂ ਟਾਵਰਾਂ ਨੂੰ ਢਾਹੁਣ ਦਾ ਫੈਸਲਾ ਕਾਨੂੰਨ ਦੀ ਉਲੰਘਣਾ ਹੈ। ਕੇਸ ਰੱਦ ਕਰਨ ਦੇ ਬਾਵਜੂਦ ਜਸਟਿਸ ਮੇਲਿੰਡਾ ਰਿਚਰਡਸ ਨੇ ਕੇਸ ਨੂੰ ਦੁਬਾਰਾ ਤਿਆਰ ਕਰਨ ਦੀ ਇਜਾਜ਼ਤ ਦੇ ਦਿੱਤੀ ਅਤੇ ਸੁਝਾਅ ਦਿੱਤਾ ਕਿ ਹੋਮਜ਼ ਵਿਕਟੋਰੀਆ ਨੂੰ ਇਸ ਕੇਸ ਦਾ ਕੇਂਦਰ ਹੋਣਾ ਚਾਹੀਦਾ ਹੈ। ਸਰਕਾਰ ਕੇਸ ਰੱਦ ਕਰਨ ਦੀ ਅਰਜ਼ੀ ਲਈ ਵਸਨੀਕਾਂ ਤੋਂ ਖਰਚਿਆਂ ਦੀ ਮੰਗ ਕਰੇਗੀ। ਮਾਮਲੇ ਦੇ ਭਵਿੱਖ ਦਾ ਫੈਸਲਾ 31 ਮਈ ਨੂੰ ਹੋਵੇਗਾ। ਕੇਸ ਰੱਦ ਕਰਨ ਦੇ ਵਿਸਥਾਰਤ ਕਾਰਨ ਰਿਚਰਡਸ ਵੱਲੋਂ 10 ਮਈ ਨੂੰ ਪ੍ਰਕਾਸ਼ਤ ਕੀਤੇ ਜਾਣਗੇ।

Leave a Comment