ਮਕਾਨ ਮਾਲਕਾਂ ਨੂੰ ਤਰਜੀਹ ਦਿੰਦੀਆਂ ਟੈਕਸ ਨੀਤੀਆਂ ਦੀ ਸਮੀਖਿਆ ਦਾ ਸੁਝਾਅ
ਮੈਲਬਰਨ: ਨੈਸ਼ਨਲ ਹਾਊਸਿੰਗ ਸਪਲਾਈ ਐਂਡ ਅਫੋਰਡੇਬਿਲਟੀ ਕੌਂਸਲ ਦੀ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਆਸਟ੍ਰੇਲੀਆ ਦੀ ਰਿਹਾਇਸ਼ੀ ਪ੍ਰਣਾਲੀ ਨਾਬਰਾਬਰ, ਮਹਿੰਗੀ ਅਤੇ ਘੱਟ ਸਪਲਾਈ ਵਾਲੀ ਹੈ। ਫ਼ੈਡਰਲ ਸਰਕਾਰ ਨੂੰ ਅੱਜ ਸੌਂਪੀ ਗਈ ਰਿਪੋਰਟ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਜੇਕਰ ਮੌਜੂਦਾ ਹਾਲਾਤ ਕਾਇਮ ਰਹੇ ਤਾਂ ਆਸਟ੍ਰੇਲੀਆ 2029 ਤੱਕ 12 ਲੱਖ ਨਵੇਂ ਘਰਾਂ ਦੇ ਆਪਣੇ ਟੀਚੇ ਤਕ ਨਹੀਂ ਪਹੁੰਚ ਸਕੇਗਾ, ਜਦੋਂ ਤੱਕ ਸਰਕਾਰ ਆਪਣੇ ਹਾਊਸਿੰਗ ਬਾਰੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ। ਰਿਪੋਰਟ ਅਨੁਸਾਰ ਇਸ ਵੇਲੇ 170,000 ਲੋਕ ਪਬਲਿਕ ਹਾਊਸਿੰਗ ਲਈ ਉਡੀਕ ਕਰ ਰਹੇ ਹਨ, ਜਦਕਿ 122,000 ਲੋਕ ਬੇਘਰ ਹਨ।
ਕੌਂਸਲ ਦੀ ‘ਸਟੇਟ ਆਫ ਦਿ ਹਾਊਸਿੰਗ ਮਾਰਕੀਟ’ ਰਿਪੋਰਟ ਦੇ ਅਨੁਸਾਰ, ਉਸਾਰੀ ਦੇ ਸਮੇਂ ਵਿੱਚ ਫੇਰੀ, ਮਹਿੰਗੀ ਕਰਜ਼ ਅਤੇ ਕਿਰਾਏ, ਨਾਲ ਹੀ ਵਧਦੀ ਆਬਾਦੀ ਅਤੇ ਮੰਗ ਬਹੁਤ ਘੱਟ ਸਪਲਾਈ ਵਾਲੀ ਹਾਊਸਿੰਗ ਮਾਰਕੀਟ ਨੂੰ ਹੋਰ ਦਬਾ ਰਹੇ ਹਨ। ਕੌਂਸਲ ਨੇ ਇੰਫ਼ਰਾਸਟਰੱਕਚਰ ਅਤੇ ਸੋਸ਼ਲ ਹਾਊਸਿੰਗ ਲਈ ਸਟੇਟ ਪਲਾਨਿੰਗ ਸੁਧਾਰਾਂ ਅਤੇ ਫ਼ੈਡਰਲ ਫੰਡਾਂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਰਿਪੋਰਟ ਵਿੱਚ ਟੈਕਸ ਨੀਤੀਆਂ ਦੀ ਸਮੀਖਿਆ ਦਾ ਵੀ ਸੁਝਾਅ ਦਿੱਤਾ ਗਿਆ ਹੈ ਜੋ ਕਿਰਾਏਦਾਰਾਂ ਅਤੇ ਮੂਲਵਾਸੀ ਹਾਊਸਿੰਗ ਦੀ ਬਜਾਏ ਮਕਾਨ ਮਾਲਕਾਂ ਨੂੰ ਤਰਜੀਹ ਦਿੰਦੀਆਂ ਹਨ।
ਕੌਂਸਲ ਦੀ ਚੇਅਰ, ਸੁਸਾਨ ਲੋਇਡ-ਹਰਵਿਟਜ਼ ਨੇ ਸੋਸ਼ਲ ਹਾਊਸਿੰਗ ਵਿੱਚ ਨਿਵੇਸ਼ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸਰਕਾਰ ਦੇ 10 ਬਿਲੀਅਨ ਡਾਲਰ ਦੇ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ ਦਾ ਉਦੇਸ਼ 30,000 ਨਵੇਂ ਸੋਸ਼ਲ ਅਤੇ ਸਸਤੇ ਘਰਾਂ ਦੇ ਨਿਰਮਾਣ ਵਿੱਚ ਮਦਦ ਕਰਨਾ ਹੈ। ਕਮਿਊਨਿਟੀ ਹਾਊਸਿੰਗ ਪ੍ਰੋਵਾਈਡਰ ਲਗਭਗ 26,000 ਘਰ ਬਣਾਉਣ ਦਾ ਪ੍ਰਸਤਾਵ ਰੱਖ ਰਹੇ ਹਨ ਅਤੇ ਫੰਡ ਨੂੰ ਦੁੱਗਣਾ ਕਰਨ ਦੀ ਮੰਗ ਕਰ ਰਹੇ ਹਨ।