ਸ਼ੂਗਰ ਦੇ ਮਰੀਜ਼ਾਂ ਲਈ ਖ਼ੁਸ਼ਖਬਰੀ, ਇਸ ਗੋਲੀ ਨਾਲ ਜਲਦੀ ਮਿਲ ਸਕੇਗੀ ਇੰਸੁਲਿਨ ਦੇ ਟੀਕਿਆਂ ਤੋਂ ਨਿਜਾਤ

ਮੈਲਬਰਨ: ਵਿਗਿਆਨੀ ਨੈਨੋਤਕਨਾਲੋਜੀ ਦੀ ਵਰਤੋਂ ਕਰਦਿਆਂ ਇੱਕ ਇਨਸੁਲਿਨ ਦੀ ਗੋਲੀ ਵਿਕਸਤ ਕਰਨ ਦੇ ਹੋਰ ਨੇੜੇ ਆ ਗਏ ਹਨ, ਜਿਸ ਦਾ ਉਦੇਸ਼ ਡਾਇਬਿਟੀਜ਼ ਵਾਲੇ 13 ਲੱਖ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਦਾ ਇਲਾਜ ਕਰਨਾ ਹੈ। ਇਸ ਗੋਲੀ ਦੀ ਮਨੁੱਖੀ ਅੰਤੜੀਆਂ ਦੇ ਟਿਸ਼ੂਆਂ ਵਿੱਚ ਸ਼ੁਰੂਆਤੀ ਪਰਖ ਸਫਲ ਰਹੀ ਹੈ, ਅਤੇ ਬਾਲਗਾਂ ’ਤੇ ਜਾਂਚ ਅਗਲੇ ਸਾਲ ਸ਼ੁਰੂ ਹੋਣ ਜਾ ਰਹੀ ਹੈ। ਇਹ ਗੋਲੀ ਪੇਟ ਵਿੱਚ ਹੀ ਇਨਸੁਲਿਨ ਦੇ ਸੋਖਣ ਨੂੰ ਵਧਾਉਣ ਲਈ ਤਿਆਰ ਕੀਤੀ ਗਈ ਹੈ, ਜਿਸ ਨਾਲ ਰੋਜ਼ ਇਨਸੁਲਿਨ ਦੇ ਟੀਕੇ ਲਗਾਉਣ ਦੀ ਜ਼ਰੂਰਤ ਖ਼ਤਮ ਹੋ ਸਕਦੀ ਹੈ। ANZAC ਰਿਸਰਚ ਸੈਂਟਰ ਦੀ ਪ੍ਰੋਫੈਸਰ ਵਿਕਟੋਰੀਆ ਕੋਗਰ ਸਮੇਤ ਟੀਮ ਨੂੰ ਉਮੀਦ ਹੈ ਕਿ ਇਹ ਗੋਲੀ ਇਨਸੁਲਿਨ ਥੈਰੇਪੀ ਦੇ ਆਮ ਮਾੜੇ ਅਸਰ ਜਿਵੇਂ ਸਰੀਰ ’ਚ ਸ਼ੂਗਰ ਬਹੁਤ ਜ਼ਿਆਦਾ ਘਟ ਜਾਣਾ ਜਾਂ ਭਾਰ ਵਧਣ ਦਾ ਕਾਰਨ ਬਣੇ ਬਗ਼ੈਰ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਕੰਟਰੋਲ ਕਰੇਗੀ। ਗੋਲੀ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਸਿਲਵਰ ਸਲਫਾਈਡ ਕੁਆਂਟਮ ਬਿੰਦੂ ਅਤੇ ਇੱਕ “ਸਮਾਰਟ” ਪੋਲੀਮਰ ਸ਼ੈੱਲ ਸ਼ਾਮਲ ਹੈ ਜੋ ਬਲੱਡ ਸ਼ੂਗਰ ਵੱਧ ਜਾਣ ’ਤੇ ਇਨਸੁਲਿਨ ਛੱਡਦਾ ਹੈ। ਇਹ ਖੋਜ ਸੰਭਾਵਿਤ ਤੌਰ ‘ਤੇ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਡਾਇਬਿਟੀਜ਼ ਦਾ ਇਲਾਜ ਆਸਾਨ ਬਣਾ ਦੇਵੇਗੀ।

Leave a Comment