ਫੜੀ ਗਈ ਆਸਟ੍ਰੇਲੀਆ ਦੀ ਸਭ ਤੋਂ ਮਹਿੰਗੀ ਮੱਛੀ, ਜਾਣੋ 10 ਲੱਖ ਡਾਲਰ ਦੇ ਇਨਾਮ ਵਾਲੀ ਮੱਛੀ ਦੀ ਕੀ ਹੈ ਖ਼ਾਸੀਅਤ

ਮੈਲਬਰਨ: ਆਸਟ੍ਰੇਲੀਆ ਦੇ ਨੌਰਦਰਨ ਟੈਰੀਟਰੀ ਦੇ ਕੈਥਰੀਨ ਵਾਸੀ 19 ਸਾਲ ਦੇ ਕੀਗਨ ਪੇਨੇ ਨੇ ਲੰਬੇ ਸਮੇਂ ਤੋਂ ਚੱਲ ਰਹੇ ਇੱਕ ਮੱਛੀ ਫੜਨ ਦੇ ਮੁਕਾਬਲੇ ਦੇ ਹਿੱਸੇ ਵਜੋਂ 10 ਲੱਖ ਡਾਲਰ ਦੀ ਬਾਰਾਮੁੰਡੀ ਮੱਛੀ ਫੜ ਲਈ ਹੈ। ਇਹ ਮੱਛੀ ਉਸ ਨੇ ਕੈਥਰੀਨ ਨਦੀ ’ਚ ਵਿਖੇ ਆਪਣੇ ਪਰਿਵਾਰ ਅਤੇ ਇੱਕ ਦੋਸਤ ਨਾਲ ਟਰਿੱਪ ਦੌਰਾਨ ਫੜੀ ਸੀ। ਮੱਛੀ ਫੜਨ ਦਾ ਇਹ ਮੁਕਾਬਲਾ ਪਿਛਲੇ 9 ਸਾਲਾਂ ਤੋਂ ਚਲ ਰਿਹਾ ਸੀ। ਵੱਡਾ ਇਨਾਮ ਜਿੱਤਣ ’ਤੇ ਅਥਾਹ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੇਨੇ ਨੇ ਇਸ ਪੈਸੇ ਨਾਲ ਆਪਣੇ ਮਾਪਿਆਂ ਨੂੰ ਉਨ੍ਹਾਂ ਦਾ ਹੋਮ ਲੋਨ ਚੁਕਾਉਣ ਵਿੱਚ ਮਦਦ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਉਸ ਨੇ ਕਿਹਾ ਉਨ੍ਹਾਂ ਦੇ 8 ਜੀਆਂ ਵਾਲੇ ਪਰਿਵਾਰ ਨੂੰ ਇਸ ਇਨਾਮ ਦੀ ਸਖ਼ਤ ਜ਼ਰੂਰਤ ਸੀ ਅਤੇ ਉਹ ਬਹੁਤ ਖ਼ੁਸ਼ ਹੈ। ਇਹੀ ਨਹੀਂ ਉਸ ਨੇ ਕੈਂਸਰ ਕੌਂਸਲ NT ਨੂੰ ਇਨਾਮ ’ਚੋਂ 10,000 ਡਾਲਰ ਦੇਣ ਦਾ ਵੀ ਫ਼ੈਸਲਾ ਕੀਤਾ ਹੈ।

2015 ਤੋਂ ਚੱਲ ਰਿਹਾ ਇਹ ਮੁਕਾਬਲਾ ਹਰ ਸੀਜ਼ਨ ਵਿੱਚ ਨੌਰਦਰਨ ਟੈਰੀਟਰੀ ਦੇ ਜਲ ਮਾਰਗਾਂ ਵਿੱਚ ਸੌ ਤੋਂ ਵੱਧ ਵਿਸ਼ੇਸ਼ ਤੌਰ ‘ਤੇ ਟੈਗ ਕੀਤੀਆਂ ਮੱਛੀਆਂ ਛੱਡਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੱਛੀਆਂ ਦੀ ਕੀਮਤ 10,000 ਡਾਲਰ ਹੈ, ਪਰ ਕੁਝ, ਜਿਵੇਂ ਕਿ ਪੇਨੇ ਨੇ ਫੜੀ ਹੈ, 10 ਲੱਖ ਡਾਲਰ ਦਾ ਵੱਡਾ ਇਨਾਮ ਰੱਖਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ 10 ਲੱਖ ਡਾਲਰ ਦੀ ਬਾਰਾਮੁੰਡੀ ਮੱਛੀ ਫੜੀ ਗਈ ਹੈ।

Leave a Comment