ਕੇਰਲ ’ਚ ਰੋਟੀ ਦੇ 100 ਸਾਲ ਪੂਰੇ ਕਰਨ ਦਾ ਜਸ਼ਨ ਮਨਾਇਆ ਗਿਆ, ਜਦੋਂ ਸਿੱਖਾਂ ਨੇ ਮਲਿਆਲੀਆਂ ਨੂੰ ਪਹਿਲੀ ਵਾਰ ਚਖਾਇਆ ਸੀ ਰੋਟੀ ਦਾ ਸਵਾਦ

ਮੈਲਬਰਨ: ਸਿੱਖਾਂ ਦਾ ਮੁੱਖ ਭੋਜਨ ਰੋਟੀ ਇੰਡੀਆ ਦੇ ਕੇਰਲ ਸਟੇਟ ’ਚ ਰਹਿਣ ਵਾਲੇ ਲੋਕਾਂ ਦਾ ਮਨਪਸੰਦ ਪਕਵਾਨ ਬਣੇ ਨੂੰ 100 ਸਾਲ ਪੂਰੇ ਹੋ ਗਏ ਹਨ। ਰੋਟੀ ਦੀ ਪ੍ਰਸਿੱਧੀ ਦਾ ਸ਼ਤਾਬਦੀ ਸਮਾਰੋਹ ਮਾਵੇਲੀਕਾਰਾ ਵਿਖੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਰੋਟੀ ਨੂੰ ਇੱਥੇ ਵੈਕੋਮ ਸੱਤਿਆਗ੍ਰਹਿ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਤੋਂ ਆਏ ਸਿੱਖਾਂ ਵੱਲੋਂ ਪਹਿਲੀ ਵਾਰੀ ਲੰਗਰ ਲਗਾ ਕੇ ਪੇਸ਼ ਕੀਤਾ ਗਿਆ ਸੀ। ਇਸ ਨਵੇਂ ਪਕਵਾਨ ਨੇ ਹੌਲੀ-ਹੌਲੀ ਮਲਿਆਲੀਆਂ ਦੀਆਂ ਰਸੋਈਆਂ ਵਿੱਚ ਆਪਣੀ ਥਾਂ ਬਣਾ ਲਈ।

‘ਕਥਾ’ ਸਾਹਿਤਕ ਸੰਗਠਨ ਦੇ ਪ੍ਰਧਾਨ ਅਤੇ ਮਲਿਆਲੀ ਕਹਾਣੀਕਾਰ ਕੇ.ਕੇ. ਸੁਧਾਕਰਨ ਤੇ ਸਕੱਤਰ ਰੇਜੀ ਪਰਪੁਰਮ ਦੀ ਅਗਵਾਈ ’ਚ ਕੱਲ੍ਹ ਰੋਟੀ ਦੇ ਆਉਣ ਦੀ 100ਵੀਂ ਵਰ੍ਹੇਗੰਢ ਮਨਾਈ ਗਈ। ਉਨ੍ਹਾਂ ਦੱਸਿਆ ਕਿ ਵਾਈਕੋਮ ਸੱਤਿਆਗ੍ਰਹਿ ਦੇ ਸਮਰਥਨ ਵਿੱਚ ਅਕਾਲੀ 29 ਅਪ੍ਰੈਲ 1924 ਨੂੰ ਅੰਮ੍ਰਿਤਸਰ ਤੋਂ ਸਰਦਾਰ ਲਾਲ ਸਿੰਘ ਅਤੇ ਬਾਬਾ ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਕੇਰਲ ਪਹੁੰਚੇ ਅਤੇ ਸਨ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਲਾਇਆ ਸੀ, ਜਿਸ ਦੇ ਹਿੱਸੇ ਵਜੋਂ ਰੋਟੀਆਂ ਵੰਡੀਆਂ ਗਈਆਂ। ਮਲਿਆਲੀ ਲੋਕਾਂ ਨੇ ਰੋਟੀਆਂ ਦਾ ਬਹੁਤ ਆਨੰਦ ਮਾਣਿਆ।

ਮਹਾਤਮਾ ਗਾਂਧੀ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਸਿੱਖਾਂ ਤੋਂ ‘ਮੁਫਤ ਭੋਜਨ’ ਲੈਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਠੀਕ ਨਹੀਂ ਹੈ ਜੋ ਖ਼ੁਦ ਕਮਾ ਕੇ ਖਾ ਸਕਦੇ ਹਨ। ਉਹ ਲੰਗਰ ਦੇ ਸਿਧਾਂਤ ਨੂੰ ਨਹੀਂ ਸਮਝ ਸਕੇ ਸਨ ਅਤੇ ਉਨ੍ਹਾਂ ਨੇ ਇਸ ਨੂੰ ਭੀਖ ਮੰਗਣ ਦੇ ਬਰਾਬਰ ਦਸਿਆ ਸੀ। ਜਦਕਿ ਅਕਾਲੀਆਂ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਗੁਰਦੁਆਰਾ ਕਮੇਟੀ ਦੇ ਹੁਕਮ ਤੋਂ ਬਗ਼ੈਰ ਲੰਗਰ ਬੰਦ ਨਹੀਂ ਕਰਨਗੇ। ਕੇ.ਐਮ. ਪਨੀਕਰ ਨੇ ਦੱਸਿਆ ਕਿ ਕਮੇਟੀ ਦੇ ਸਾਰੇ ਮੈਂਬਰ ਲੰਗਰ ਨੂੰ ਬੰਦ ਕਰਨ ਲਈ ਸਹਿਮਤ ਹੋਏ। ਅਕਾਲੀ ਪੰਜਾਬ ਪਰਤ ਆਏ ਪਰ ਮਲਿਆਲੀ ਖਾਣੇ ਦੀਆਂ ਮੇਜ਼ਾਂ ‘ਤੇ ਰੋਟੀ ਸਦਾ ਲਈ ਰਹਿ ਗਈ।

Leave a Comment