ਨਿਊਜ਼ੀਲੈਂਡ ’ਚ ਪੰਜਾਬੀਆਂ ਦੇ ਸਟੋਰ ’ਤੇ ਵੱਡਾ ਹਮਲਾ, ਗਲਿਟਰਜ਼ ਜੁਵੈਲਰਜ ਮੈਨੁਰੇਵਾ ਤੋਂ ਲੁਟੇਰੇ 45 ਸੈਕਿੰਟਾਂ ‘ਚ ਲੈ 10 ਲੱਖ ਦੇ ਗਹਿਣੇ

ਮੈਲਬਰਨ: ਨਿਊਜ਼ੀਲੈਂਡ ’ਚ ਪੰਜਾਬੀ ਮੂਲ ਦੇ ਲੋਕਾਂ ਦੇ ਕਾਰੋਬਾਰਾਂ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਐਨਜ਼ੈਕ ਡੇਅ ਦੀ ਹੈ ਜਦੋਂ ਬੰਦ ਹੋਣ ਦੇ ਸਮੇਂ ਤੋਂ ਠੀਕ ਪਹਿਲਾਂ, ਛੇ ਨਕਾਬਪੋਸ਼ ਚੋਰਾਂ ਨੇ ਮੈਨੁਰੇਵਾ ਵਿੱਚ ਸਥਿਤ ਇੱਕ ਗਲਿਟਰ ਜਿਊਲਰਜ਼ ਸਟੋਰ ਨੂੰ ਨਿਸ਼ਾਨਾ ਬਣਾਇਆ। ਲੁਟੇਰੇ 10 ਲੱਖ ਡਾਲਰ ਦੇ ਗਹਿਣੇ ਅਤੇ ਸੋਨਾ ਲੈ ਗਏ।

ਸਿਕਿਉਰਟੀ ਫੁਟੇਜ ਵਿਚ ਲੁਟੇਰੇ ਵੱਡੇ ਚਾਕੂਆਂ ਨਾਲ ਸਟੋਰ ਵਿਚ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਸਟੋਰ ਦੇ ਚਾਰ ਸਟਾਫ਼ ਮੈਂਬਰਾਂ ਅਤੇ ਪੰਜ ਕਸਟਮਰਜ਼ ਨੇ ਸਟੋਰ ਦੇ ਪਿਛਲੇ ਪਾਸੇ ਲੁਕ ਕੇ ਆਪਣੀ ਜਾਨ ਬਚਾਈ। 45 ਸਕਿੰਟਾਂ ਦੇ ਸਮੇਂ ਵਿੱਚ, ਲੁਟੇਰਿਆਂ ਨੇ ਆਪਣੇ ਹਥਿਆਰਾਂ ਨਾਲ ਹਰ ਕੈਬਿਨੇਟ ਨੂੰ ਤੋੜ ਦਿੱਤਾ, ਆਪਣੇ ਬੈਗਾਂ ਵਿੱਚ ਗਹਿਣੇ ਅਤੇ ਸੋਨੇ ਦੀਆਂ ਚੂੜੀਆਂ ਦੀਆਂ ਟ੍ਰੇਆਂ ਭਰ ਲਈਆਂ, ਜਦੋਂ ਕਿ ਇੱਕ ਜੋੜਾ ਦੁਕਾਨ ਦੀਆਂ ਅਲਮਾਰੀਆਂ ਵਿੱਚੋਂ ਜੈੱਮਸ (ਕੀਮਤੀ ਪੱਥਰ) ਕੱਢ ਕੇ ਲੈ ਗਿਆ। ਹਾਲਾਂਕਿ ਲੁੱਟ ਦੇ 16 ਸਕਿੰਟਾਂ ਬਾਅਦ ਸਟੋਰ ’ਚ ਧੂੰਆਂ ਫੈਲ ਗਿਆ ਪਰ ਇਸ ਦੇ ਬਾਵਜੂਦ ਲੁਟੇਰੇ ਜੈੱਮਸ ਦੀਆਂ ਟ੍ਰੇਆਂ ਅਤੇ ਭਰੇ ਬੈਗ ਲੈ ਕੇ ਸਟੋਰ ਤੋਂ ਭੱਜਣ ’ਚ ਕਾਮਯਾਬ ਰਹੇ।

ਮਾਲਕ ਦੇ ਬੇਟੇ ਨਿਤਪ੍ਰੀਤ ਸਿੰਘ ਨੇ ਦੱਸਿਆ ਕਿ ਲੁਟੇਰੇ ਬੰਦ ਸਿਕਿਉਰਟੀ ਦਰਵਾਜ਼ਿਆਂ ਦੇ ਦੋ ਸੈੱਟਾਂ ਨੂੰ ਪਾਰ ਕਰ ਕੇ ਸਟੋਰ ਵਿਚ ਦਾਖਲ ਹੋਣ ਵਿਚ ਸਫਲ ਰਹੇ। ਸ਼ੁਰੂ ਵਿੱਚ, ਉਨ੍ਹਾਂ ਨੇ ਸੋਚਿਆ ਕਿ ਇਹ ਕੋਈ ਕਸਟਮਰ ਹਨ ਜੋ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਜਦੋਂ ਤੱਕ ਉਸ ਦੇ ਪਿਤਾ ਨੂੰ ਅਹਿਸਾਸ ਹੋਇਆ ਕਿ ਕੀ ਹੋ ਰਿਹਾ ਹੈ, ਲੁਟੇਰੇ ਸਾਹਮਣੇ ਦੇ ਦਰਵਾਜ਼ੇ ਤੋਂ ਜ਼ਬਰਦਸਤੀ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਸਟਾਫ ਅਤੇ ਕਸਟਮਰ ਨੂੰ ਸਦਮੇ ’ਚ ਹਨ।

Leave a Comment