ਗੈਲੀਪੋਲੀ ਦੀ ਜੰਗ ’ਚ ਹਿੱਸਾ ਲੈਣ ਵਾਲੇ ਭਾਰਤੀਆਂ ਨੂੰ ਯਾਦ ਕੀਤਾ ਗਿਆ, ਕੀ 16,000 ਭਾਰਤੀ ਫ਼ੌਜੀਆਂ ਦੇ ਯੋਗਦਾਨ ਨੂੰ ਕੀਤਾ ਗਿਆ ਨਜ਼ਰਅੰਦਾਜ਼?

ਮੈਲਬਰਨ: ਹਰ ਸਾਲ 25 ਅਪ੍ਰੈਲ ਨੂੰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਤੁਰਕੀ ਦੇ ਗੈਲੀਪੋਲੀ ਪ੍ਰਾਇਦੀਪ ਵਿੱਚ ਆਪਣੇ ਫ਼ੌਜੀਆਂ ਦੇ ਆਉਣ ਦੀ ਯਾਦ ਵਿੱਚ Anzac Day ਮਨਾਉਂਦੇ ਹਨ। ਇਹ ਦਿਨ ਭਾਰਤ ਸਮੇਤ ਹੋਰ ਦੇਸ਼ਾਂ ਦੇ ਫ਼ੌਜੀਆਂ ਨੂੰ ਵੀ ਸ਼ਰਧਾਂਜਲੀ ਦਿੰਦਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਨਾਲ ਲੜਾਈ ਲੜੀ।

ਇਸ ਦੇ ਮੱਦੇਨਜ਼ਰ ‘ਦਿ ਐਨਜ਼ੈਕ ਇੰਡੀਆ ਸਟੋਰੀ’ ਨਾਂ ਦਾ ਇਕ ਪ੍ਰੋਗਰਾਮ ਹਾਲ ਹੀ ‘ਚ ਮੈਲਬਰਨ ‘ਚ ਆਸਟ੍ਰੇਲੀਆਈ ਇੰਡੀਆ ਇੰਸਟੀਚਿਊਟ (AII) ‘ਚ ਕੀਤਾ ਗਿਆ। 22 ਅਪ੍ਰੈਲ ਨੂੰ ਹੋਏ ਇਸ ਈਵੈਂਟ ’ਚ ਗੈਲੀਪੋਲੀ ਮੁਹਿੰਮ ਦੌਰਾਨ Anzac ਅਤੇ ਭਾਰਤੀ ਫ਼ੌਜੀਆਂ ਵਿਚਕਾਰ ਇਤਿਹਾਸਕ ਸਬੰਧਾਂ ਨੂੰ ਉਜਾਗਰ ਕੀਤਾ। ਇਸ ਇਕੱਠ ਵਿੱਚ ਭਾਰਤੀ ਕੌਂਸਲ ਜਨਰਲ ਸੁਸ਼ੀਲ ਕੁਮਾਰ, ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਸਹਾਇਕ ਮੰਤਰੀ ਟਿਮ ਵਾਟਸ, AII ਦੀ CEO ਲੀਜ਼ਾ ਸਿੰਘ, ਆਸਟ੍ਰੇਲੀਆ ਦੇ ਇਤਿਹਾਸਕਾਰ ਪ੍ਰੋਫੈਸਰ ਪੀਟਰ ਸਟੈਨਲੇ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਸਾਬਕਾ ਮੈਂਬਰ ਸ਼ਾਮਲ ਸਨ।

“ਡਾਇ ਇਨ ਬੈਟਲ, ਡੂ ਨਾਟ ਡਿਸਟ੍ਰੈੱਸ: ਦਿ ਇੰਡੀਅਨਜ਼ ਆਨ ਗੈਲੀਪੋਲੀ 1915” ਦੇ ਲੇਖਕ ਪ੍ਰੋਫੈਸਰ ਸਟੈਨਲੀ ਨੇ ਆਪਣੇ ਮੁੱਖ ਭਾਸ਼ਣ ਵਿੱਚ ਜ਼ੋਰ ਦੇ ਕੇ ਕਿਹਾ ਕਿ ਗੈਲੀਪੋਲੀ ਮੁਹਿੰਮ ਵਿੱਚ ਭਾਰਤੀ ਫ਼ੌਜੀਆਂ ਦੀ ਭੂਮਿਕਾ ਆਮ ਤੌਰ ‘ਤੇ ਮੰਨੀ ਜਾਂਦੀ ਭੂਮਿਕਾ ਨਾਲੋਂ ਵਧੇਰੇ ਮਹੱਤਵਪੂਰਨ ਸੀ। ਸਟੈਨਲੀ ਨੇ ਦਲੀਲ ਦਿੱਤੀ ਕਿ ਗੈਲੀਪੋਲੀ ਦੀ ਕਹਾਣੀ, ਜਿਸ ਨੂੰ ਅਕਸਰ ਗੋਰੇ ਆਸਟ੍ਰੇਲੀਆਈ ਬਿਰਤਾਂਤ ਵਜੋਂ ਦੇਖਿਆ ਜਾਂਦਾ ਹੈ, ਅਸਲ ਵਿੱਚ ਇੱਕ ਅੰਤਰਰਾਸ਼ਟਰੀ ਕਹਾਣੀ ਹੈ ਜਿਸ ਵਿੱਚ ਨਿਊਜ਼ੀਲੈਂਡ, ਆਸਟ੍ਰੇਲੀਆਈ, ਬ੍ਰਿਟਿਸ਼, ਫ੍ਰੈਂਚ ਅਤੇ ਭਾਰਤੀਆਂ ਵਰਗੇ ਸਹਿਯੋਗੀ ਸ਼ਾਮਲ ਹਨ।

ਲੀਜ਼ਾ ਸਿੰਘ ਨੇ ਕਿਹਾ ਕਿ ਗੈਲੀਪੋਲੀ ਦੀਆਂ ਕਹਾਣੀਆਂ ਚੰਗੀ ਤਰ੍ਹਾਂ ਦਸਤਾਵੇਜ਼ਬੱਧ ਹਨ, ਪਰ 16,000 ਭਾਰਤੀ ਸੈਨਿਕਾਂ ਦੇ ਯੋਗਦਾਨ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸਹਾਇਕ ਮੰਤਰੀ ਟਿਮ ਵਾਟਸ ਨੇ ਗੈਲੀਪੋਲੀ ਲੜਾਈ ਦੌਰਾਨ ਭਾਰਤੀ ਅਤੇ ਆਸਟਰੇਲੀਆਈ ਸੈਨਿਕਾਂ ਦਰਮਿਆਨ ਬਣੇ ਡੂੰਘੇ ਸਤਿਕਾਰ ਅਤੇ ਸਬੰਧਾਂ ‘ਤੇ ਚਾਨਣਾ ਪਾਇਆ। ਭਾਰਤੀ ਫੌਜ ਦੇ ਸਾਬਕਾ ਮੈਂਬਰ ਕਰਨਲ ਵਿਜੇ ਵਾਸੂਦੇਵ ਅਤੇ ਕਰਨਲ ਰਾਜੇਸ਼ ਕਾਸਵਾਨ ਨੇ ਗੈਲੀਪੋਲੀ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀਆਂ ਕੁਰਬਾਨੀਆਂ ਅਤੇ ਦਲੇਰ ਕੰਮਾਂ ਨੂੰ ਸਵੀਕਾਰ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

Leave a Comment