ਮੈਲਬਰਨ: ਨਿਊਜ਼ੀਲੈਂਡ ‘ਚ ਅੱਠ ਸਾਲਾਂ ਤੋਂ ਰਹਿ ਰਹੀ ਭਾਰਤੀ ਔਰਤ ਪ੍ਰੇਰਨਾ ਜੋਸ਼ੀ (ਨਾਮ ਬਦਲਿਆ) ਨੇ ਇਮੀਗ੍ਰੇਸ਼ਨ ਨੀਤੀਆਂ ਤੋਂ ਅਸੰਤੁਸ਼ਟ ਹੋਣ ਕਾਰਨ ਦੇਸ਼ ਛੱਡਣ ਦਾ ਫੈਸਲਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਨਿਊਜ਼ੀਲੈਂਡ ਜੇਲ੍ਹ ਵਰਗਾ ਲਗਦਾ ਹੈ। ਦਰਅਸਲ ਉਸ ਨੇ ਆਕਲੈਂਡ ਵਿੱਚ ਆਪਣੇ ਪਿਤਾ ਨੂੰ 8 ਸਾਲਾਂ ’ਚ ਪਹਿਲੀ ਵਾਰੀ ਮਿਲਣ ਲਈ ਟੂਰਿਸਟ ਵੀਜ਼ਾ ’ਤੇ ਨਿਊਜ਼ੀਲੈਂਡ ਲਿਆਉਣ ਦੀ ਯੋਜਨਾ ਬਣਾਈ ਸੀ। ਪਰ ਇਕੱਲੇ ਸਫ਼ਰ ਨਾ ਕਰ ਸਕਣ ਕਾਰਨ ਉਨ੍ਹਾਂ ਨੇ ਪ੍ਰੇਰਨਾ ਦੇ ਚਚੇਰੇ ਭਰਾ ਨਾਲ ਆਉਣਾ ਸੀ, ਜਿਸ ਦੀ ਟੂਰਿਸਟ ਵੀਜ਼ਾ ਅਰਜ਼ੀ ਨੂੰ ਦੋ ਵਾਰ ਰੱਦ ਕਰ ਦਿੱਤਾ ਸੀ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਲਗਦਾ ਸੀ ਕਿ ਉਹ ਭਾਰਤ ਵਾਪਸ ਨਹੀਂ ਜਾਵੇਗਾ। ਇਸ ਕਾਰਨ ਉਹ ਆਪਣੇ ਪਿਤਾ ਨਾਲ ਮਿਲਣ ਤੋਂ ਅਸਮਰੱਥ ਹੋ ਗਈ, ਜੋ ਕੋਵਿਡ-19 ਮਹਾਂਮਾਰੀ ਦੌਰਾਨ ਜੋਸ਼ੀ ਲਈ ਖਾਸ ਤੌਰ ‘ਤੇ ਮੁਸ਼ਕਲ ਰਿਹਾ ਹੈ।
ਇਸ ਸਥਿਤੀ ਤੋਂ ਨਿਰਾਸ਼ ਜੋਸ਼ੀ ਨੇ ਵਾਪਸ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਉਸ ਨੇ ਦਿੱਲੀ ਵਿੱਚ ਨੌਕਰੀਆਂ ਲਈ ਅਰਜ਼ੀ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਆਕਲੈਂਡ ਵਿੱਚ ਆਪਣਾ ਘਰ ਸੇਲ ਲਈ ਰੱਖਿਆ ਹੈ। ਉਸ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਵੀ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦੇ ਚਚੇਰੇ ਭਰਾ ਦੀ ਵੀਜ਼ਾ ਅਰਜ਼ੀ ਬਾਰੇ ਦਾ ਫੈਸਲਾ ਪੱਖਪਾਤੀ ਸੀ। ਹਾਲਾਂਕਿ, ਜਵਾਬ ’ਚ ਉਸ ਨੂੰ ਫਿਰ ਉਹੀ ਵੀਜ਼ਾ ਰੱਦ ਕਰਨ ਦੇ ਕਾਰਨਾਂ ਨੂੰ ਦੁਹਰਾਇਆ ਗਿਆ।