ਮੈਲਬਰਨ : ਥਾਈਲੈਂਡ ਵਿਚ AEC Thai Development Co. Ltd ਦੇ ਅਧੀਨ ਕੰਮ ਕਰ ਰਹੇ ਦੋ ਵੀਜ਼ਾ ਏਜੰਟਾਂ ਨੂੰ ਜਾਅਲੀ ਦਸਤਾਵੇਜ਼ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਰਾਸਿਨ ਬੁਨਿਆਸਿੰਗ ਵੱਲੋਂ ਚਲਾਈ ਜਾ ਰਹੀ ਕੰਪਨੀ ਨੇ ਵਿਜ਼ਟਰ ਵੀਜ਼ਾ ਅਪਲਾਈ ਕਰਨ ਵਾਲੇ ਪੇਂਡੂ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਝੂਠੇ ਬੈਂਕ ਸਟੇਟਮੈਂਟ ਤੇ ਰੁਜ਼ਗਾਰ ਪੱਤਰ ਜਾਰੀ ਕੀਤੇ। ਇਮੀਗ੍ਰੇਸ਼ਨ ਨਿਊਜ਼ੀਲੈਂਡ ਅਨੁਸਾਰ ਹੋਰਟੀਕਲਚਰ ਅਤੇ ਵਿਟੀਕਲਚਰ ਖੇਤਰਾਂ ਵਿੱਚ ਸੰਭਾਵਿਤ 100 ਗੈਰ-ਕਾਨੂੰਨੀ ਕਾਮਿਆਂ ਨੂੰ ਭੇਜਣ ਦੀ ਤਿਆਰੀ ਚਲ ਰਹੀ ਸੀ।
ਬੁਨਿਆਸਿੰਗ ਨੇ ਧੋਖਾਧੜੀ ਦੇ ਸਬੂਤਾਂ ਲਈ 1140 ਡਾਲਰ ਲਏ ਸਨ ਅਤੇ ਇਨਕਾਰ ਕੀਤੀਆਂ ਅਰਜ਼ੀਆਂ ਲਈ ਕੋਈ ਰਿਫੰਡ ਦੀ ਪੇਸ਼ਕਸ਼ ਨਹੀਂ ਕੀਤੀ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵਿਚ ਨੈਸ਼ਨਲ ਮੈਨੇਜਰ ਜਿਓਫ ਸਕਾਟ ਨੇ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੋਕਾਂ ਦੀ ਤਸਕਰੀ ਅਤੇ ਵੀਜ਼ਾ ਧੋਖਾਧੜੀ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਇਕ ਸ਼ਾਨਦਾਰ ਉਦਾਹਰਣ ਹੈ।