ਮੈਲਬਰਨ : ਆਕਲੈਂਡ ਵਿਚ ਪਿਛਲੇ 8 ਸਾਲਾਂ ਤੋਂ ਰਹਿ ਰਹੇ ਬ੍ਰਾਜ਼ੀਲ ਦੇ ਵਿਆਹੁਤਾ ਜੋੜੇ ਨਿਊਟਨ ਸੈਂਟੋਸ ਅਤੇ ਉਸ ਦੀ ਪਤਨੀ ਨੂਬੀਆ ਨਿਊਜ਼ੀਲੈਂਡ ਤੋਂ ਡੀਪੋਰਟ ਹੋਣ ਲਈ ਸਿਰਫ਼ ਇਸ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ਦੇ ਇਮੀਗ੍ਰੇਸ਼ਨ ਐਡਵਾਈਜ਼ਰ 2021 ਰੈਜ਼ੀਡੈਂਸ ਵੀਜ਼ਾ (RV 2021) ਲਈ ਸਮੇਂ ਸਿਰ ਅਪਲਾਈ ਕਰਨ ’ਚ ਅਸਫਲ ਰਹੇ। ਜੋੜੇ ਨੇ ਇਹ ਸੋਚ ਕੇ ਆਪਣੀ ਐਪਲੀਕੇਸ਼ਨ ਨੂੰ ਸੰਭਾਲਣ ਲਈ ਸਨਰਾਈਜ਼ ਇਮੀਗ੍ਰੇਸ਼ਨ ਸਰਵਿਸਿਜ਼ ਨੂੰ 4000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਕਿ ਕਿਤੇ ਉਹ ਅਪਲਾਈ ਕਰਨ ’ਚ ਕੋਈ ਗ਼ਲਤੀ ਨਾ ਕਰ ਦੇਣ। ਪਰ ਇਮੀਗ੍ਰੇਸ਼ਨ ਸਰਵਿਸ ਵੱਲੋਂ ਕਈ ਵਾਰ ਭਰੋਸਾ ਦਿਵਾਉਣ ਦੇ ਬਾਵਜੂਦ ਕਿ ਉਨ੍ਹਾਂ ਦੀ ਐਪਲੀਕੇਸ਼ਨ ‘ਤੇ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਜਮ੍ਹਾਂ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਐਪਲੀਕੇਸ਼ਨ ਕਦੇ ਜਮ੍ਹਾਂ ਹੀ ਨਹੀਂ ਕੀਤੀ ਗਈ ਸੀ। ਐਡਵਾਈਜ਼ਰ ਇਸ ਦਾ ਕਾਰਨ ਕੰਮ ਦੇ ਬੋਝ ਅਤੇ ਸਟਾਫ ਦੀ ਕਮੀ ਨੂੰ ਦੱਸਿਆ। ਇਸ ਘਟਨਾ ਨਾਲ ਜੋੜੇ ਦੀ ਮਾਨਸਿਕ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਨੂਬੀਆ ਤਣਾਅ ਅਤੇ ਚਿੰਤਾ ਨਾਲ ਨਜਿੱਠਣ ਲਈ ਥੈਰੇਪੀ ਕਰਵਾ ਰਹੀ ਹੈ। ਹਾਲਾਂਕਿ ਐਡਵਾਈਜ਼ਰ ਨੇ ਜੋੜੇ ਤੋਂ ਮੁਆਫੀ ਮੰਗੀ ਹੈ ਤੇ ਮੁਆਵਜ਼ਾ ਦੇਣ ਲਈ ਅਨੁਸ਼ਾਸਨੀ ਟ੍ਰਿਬਿਊਨਲ ਦੇ ਹੁਕਮਾਂ ਦੀ ਵੀ ਪਾਲਣਾ ਕੀਤੀ ਹੈ। ਪਰ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ, ਸਮੱਸਿਆ ਅਜੇ ਵੀ ਅਣਸੁਲਝੀ ਹੈ, ਜਿਸ ਨਾਲ ਜੋੜੇ ਦਾ ਭਵਿੱਖ ਅਨਿਸ਼ਚਿਤ ਹੈ।