‘ਸੁਪਨਾ ਹੋਇਆ ਸੱਚ’, ਜਾਣੋ ਪੰਜ ਕਰੋੜ ਡਾਲਰ ਦੀ ਲਾਟਰੀ ਜਿੱਤਣ ਵਾਲੇ ਖ਼ੁਸ਼ਕਿਸਮਤ ਦੀਆਂ ਭਵਿੱਖ ਲਈ ਯੋਜਨਾਵਾਂ

ਮੈਲਬਰਨ : ਬੀਤੀ ਰਾਤ 5 ਕਰੋੜ ਡਾਲਰ ਦੀ ਲਾਟਰੀ ਜਿੱਤਣ ਵਾਲੇ ਕੁਈਨਜ਼ਲੈਂਡ ਵਾਸੀ ਇੱਕ ਵਿਅਕਤੀ ਨੇ ਕਦੇ ਨਹੀਂ ਸੋਚਿਆ ਹੋਵੇਗਾ ਉਸ ਵੱਲੋਂ ਮਜ਼ਾਕ ’ਚ ਕਹੀ ਗੱਲ ਕਦੇ ਸੱਚ ਸਾਬਤ ਹੋ ਜਾਵੇਗੀ। ਅੱਜ ਸਵੇਰੇ ਜਦੋਂ ਲੈਂਡਸਬਰਗ ਦੇ ਇਸ ਵਿਅਕਤੀ ਨੂੰ ਓਜ਼ ਲੋਟੋ ਜੈਕਪਾਟ ਵੱਲੋਂ ਫ਼ੋਨ ਆਇਆ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਦਾ ਕਹਿਣਾ ਹੈ ਕਿ ਏਨਾ ਵੱਡਾ ਇਨਾਮ ਜਿੱਤਣ ਤੋਂ ਬਾਅਦ ਉਸ ਦੀ ਯੋਜਨਾ ਛੇਤੀ ਰਿਟਾਇਰਮੈਂਟ ਪ੍ਰਾਪਤ ਕਰਨਾ ਹੈ। ਉਸ ਨੇ ਲਾਟਰੀ ਅਧਿਕਾਰੀਆਂ ਨੂੰ ਫ਼ੋਨ ’ਤੇ ਦੱਸਿਆ, ‘‘ਇੱਕ ਵਾਰੀ ਮੇਰੇ ਬੈਂਕ ਮੈਨੇਜਰ ਨੇ ਪੁੱਛਿਆ ਸੀ ਕਿ ਰਿਟਾਇਰ ਹੋਣ ’ਤੇ ਕੀ ਤੂੰ ਕੋਈ ਪੈਸਾ ਜਮ੍ਹਾਂ ਕੀਤੈ, ਤਾਂ ਮੈਂ ਕਹਿ ਦਿੱਤਾ ਸੀ ਕਿ ਮੇਰੀ ਯੋਜਨਾ ਰਿਟਾਇਰਮੈਂਟ ਲਈ ਲਾਟਰੀ ਜਿੱਤਣ ਦੀ ਹੈ। ਵੇਖੋ ਮੇਰਾ ਕਿਹਾ ਸੱਚ ਹੋ ਗਿਆ।’’ ਉਸ ਨੇ ਕਿਹਾ ਕਿ ਪੈਸਾ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਆਪਣਾ ਮੌਰਗੇਜ ਉਤਾਰੇਗਾ ਅਤੇ ਖ਼ੁਦ ਦਾ ਘਰ ਖ਼ਰੀਦੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਨਿਕਲੇ ਇਨਾਮਾਂ ’ਚੋਂ ਉਹ ਤੀਜਾ ਸੱਭ ਤੋਂ ਵੱਡਾ ਲਾਟਰੀ ਜੇਤੂ ਹੈ।

Leave a Comment