ਮੈਲਬਰਨ: ਦੁਨੀਆ ਦੇ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਘੱਟ ਸੈਲਰੀ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਹੋ ਗਈ ਹੈ। ਸਵਿਟਜ਼ਰਲੈਂਡ ਇਸ ਸੂਚੀ ਦੇ ਸਿਖਰ ’ਤੇ ਹੈ ਜਿੱਥੇ ਲੋਕ ਹਰ ਮਹੀਨੇ ਔਸਤਨ 6632 ਅਮਰੀਕੀ ਡਾਲਰ ਪ੍ਰਤੀ ਮਹੀਨਾ ਸੈਲਰੀ ਪ੍ਰਾਪਤ ਕਰਦੇ ਹਨ। ਦੇਸ਼ ਨੇ ਮਜ਼ਬੂਤ ਫ਼ਾਈਨੈਂਸ਼ੀਅਲ ਸੈਕਟਰ, ਐਡਵਾਂਸਡ ਟੈਕਨਾਲੋਜੀ ਅਤੇ ਮਾਹਰ ਵਰਕਰਾਂ ਦੀ ਬਦੌਲਤ ਇਹ ਮੁਕਾਮ ਹਾਸਲ ਕੀਤਾ ਹੈ। ਸੂਚੀ ’ਚ ਦੂਜੇ ਨੰਬਰ ’ਤੇ ਯੂਰੋਪ ਦਾ ਇਕ ਹੋਰ ਛੋਟਾ ਜਿਹਾ ਦੇਸ਼ ਲਕਸ਼ਮਬਰਗ ਹੈ ਜਿੱਥੇ ਲੋਕ ਪ੍ਰਤੀ ਮਹੀਨਾ 5302 ਡਾਲਰ ਕਮਾਉਂਦੇ ਹਨ। ਜਦਕਿ ਏਸ਼ੀਆ ਸਥਿਤ ਸਿੰਗਾਪੁਰ ਇਸ ਸੂਚੀ ’ਚ ਤੀਜੇ ਨੰਬਰ ’ਤੇ ਹੈ ਜਿੱਥੇ ਲੋਕ ਪ੍ਰਤੀ ਮਹੀਨਾ 4764 ਡਾਲਰ ਕਮਾਉਂਦੇ ਹਨ। ਆਸਟ੍ਰੇਲੀਆ ਦਾ ਨੰਬਰ ਇਸ ਸੂਚੀ ’ਚ 8ਵਾਂ ਹੈ। ਕਤਰ ਅਤੇ ਡੈਨਮਾਰਕ ਤੋਂ ਬਾਅਦ ਆਸਟ੍ਰਲੀਆ ’ਚ ਲੋਕਾਂ ਦੀ ਆਮਦਨ ਔਸਤਨ 3504 ਡਾਲਰ ਪ੍ਰਤੀ ਮਹੀਨਾ ਹੈ। ਜੇਕਰ ਸਭ ਤੋਂ ਘੱਟ ਆਮਦਨ ਵਾਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਅਫ਼ਰੀਕੀ ਦੇਸ਼ ਨਾਈਜੀਰੀਆ ਇਸ ਸੂਚੀ ’ਚ 96ਵੇਂ ਨੰਬਰ ’ਤੇ ਜਿੱਥੇ ਲੋਕ ਔਸਤਨ 64 ਡਾਲਰ ਪ੍ਰਤੀ ਮਹੀਨਾ ਹੀ ਕਮਾਉਂਦੇ ਹਨ। ਇਸ ਤੋਂ ਉੱਪਰ ਮਿਸਰ ਦਾ ਨੰਬਰ ਹੈ ਜਿੱਥੇ ਲੋਕ ਔਸਤਨ 117 ਡਾਲਰ ਪ੍ਰਤੀ ਮਹੀਨਾ ਕਮਾਉਂਦੇ ਹਨ।