ਮੈਲਬਰਨ: ਅਮਰੀਕਾ ਦੇ ਸਟੇਟ ਮੈਸਾਚੁਸੈਟਸ ਦੀ ਪੁਲਿਸ ਦੀ ਮਦਦ ਲਈ ਤੈਨਾਤ ਕੀਤਾ ਇੱਕ ਰੋਬੋਟ ਕੁੱਤਾ ਸ਼ਹੀਦ ਹੋ ਗਿਆ ਹੈ। ਰੋਸਕੋ ਨਾਂ ਦਾ ਇਹ ਰੋਬੋਟ 6 ਮਾਰਚ ਨੂੰ ਬਾਰਨਸਟੇਬਲ ਦੇ ਇੱਕ ਘਰ ’ਚ ਤੈਨਾਤ ਕੀਤਾ ਗਿਆ ਸੀ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਰਿਮੋਟ ਕੰਟਰੋਲ ਕੀਤਾ ਜਾ ਰਿਹਾ ਸੀ। ਦੋ ਮੰਜ਼ਿਲਾਂ ਦੀ ਤਲਾਸ਼ ਲੈਣ ਮਗਰੋਂ ਜਦੋਂ ਇਹ ਬੇਸਮੈਂਟ ’ਚ ਪੁੱਜਾ ਤਾਂ ਉਸ ਦਾ ਸਾਹਮਣਾ ਹਥਿਆਰਬੰਦ ਅਪਰਾਧੀ ਨਾਲ ਹੋ ਗਿਆ ਜਿਸ ਨੇ ਰੋਬੋਟ ’ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਅਪਰਾਧੀ ਦੀ ਸਥਿਤੀ ਪਤਾ ਲੱਗਣ ਮਗਰੋਂ ਪੁਲਿਸ ਨੇ ਹੰਝੂ ਗੈਸ ਦੀ ਵਰਤੋਂ ਕਰ ਕੇ ਉਸ ਨੂੰ ਕਾਬੂ ਕਰ ਲਿਆ। ਰੋਸਕੋ ਬਣਾਉਣ ਵਾਲੀ ਕੰਪਨੀ ਬੋਸਟਨ ਡਾਇਨਾਮਿਕਸ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਦੇ ਕਿਸੇ ਸਪਾਟ ਰੋਬੋਟ ਨੂੰ ਗੋਲੀ ਮਾਰੀ ਗਈ ਸੀ। ਉਨ੍ਹਾਂ ਨੇ ਰਾਹਤ ਜ਼ਾਹਰ ਕੀਤੀ ਕਿ ਪੁਲਿਸ ਕਾਰਵਾਈ ’ਚ ਇਕੋ-ਇਕ ਹਲਾਕ ਰੋਬੋਟ ਸੀ, ਅਤੇ ਨੋਟ ਕੀਤਾ ਕਿ ਇਹ ਘਟਨਾ ਇਸ ਗੱਲ ਦੀ ਇਕ ਵੱਡੀ ਉਦਾਹਰਣ ਹੈ ਕਿ ਕਿਵੇਂ ਮੋਬਾਈਲ ਰੋਬੋਟ ਦੀ ਵਰਤੋਂ ਜਾਨਾਂ ਬਚਾਉਣ ਲਈ ਕੀਤੀ ਜਾ ਸਕਦੀ ਹੈ। ਗੋਲੀਬਾਰੀ ਕਰਨ ਵਾਲੇ ਦੀ ਪਛਾਣ ਨਹੀਂ ਕੀਤੀ ਗਈ ਹੈ ਅਤੇ ਉਨ੍ਹਾਂ ’ਤੇ ਦੋਸ਼ਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰੋਸਕੋ ਨੂੰ ਗੋਲੀਆਂ ਹਟਾਉਣ ਲਈ ਬੋਸਟਨ ਡਾਇਨਾਮਿਕਸ ਵਾਪਸ ਭੇਜ ਦਿੱਤਾ ਗਿਆ ਅਤੇ ਉਹ ਕੰਪਨੀ ਦੇ ਨਾਲ ਰਹੇਗਾ, ਜਦੋਂ ਕਿ ਇਕ ਨਵੀਂ ਰੋਬੋਟ ਯੂਨਿਟ ਸਟੇਟ ਪੁਲਿਸ ਨੂੰ ਭੇਜੀ ਜਾਵੇਗੀ।