ਮੈਲਬਰਨ: ਅਮਰੀਕਾ ਦੀ ਬੰਦਰਗਾਹ ਬਾਲਟੀਮੋਰ ’ਚ ਇਕ ਵਿਸ਼ਾਲ ਕਾਰਗੋ ਸ਼ਿਪ ਦੇ ‘ਫਰਾਂਸਿਸ ਸਕਾਟ ਕੀ ਬ੍ਰਿਜ’ ਨਾਲ ਟਕਰਾ ਜਾਣ ਕਾਰਨ ਅਹਿਮ ਪੁਲ ਢਹਿ ਕੇ ਪਾਣੀ ’ਚ ਡਿੱਗ ਗਿਆ। ਪੁਲ ’ਤੇ ਚਲ ਰਹੀਆਂ ਕਈ ਗੱਡੀਆਂ ਵੀ ਠੰਢੇ ਪਾਣੀ ’ਚ ਡਿੱਗ ਗਈਆਂ। ਹਾਲਾਂਕਿ ਟੱਕਰ ਤੋਂ ਪਹਿਲਾਂ ਬਚਾਅ ਸੰਦੇਸ਼ ਭੇਜਣ ਕਾਰਨ ਪੁਲ ’ਤੇ ਟ੍ਰੈ਼ਫ਼ਿਕ ਸੀਮਤ ਕਰ ਦਿੱਤਾ ਗਿਆ ਸੀ ਜਿਸ ਕਾਰਨ ਵੱਡੀ ਗਿਣਤੀ ’ਚ ਜਾਨਾਂ ਜਾਣ ਤੋਂ ਬਚਾਅ ਹੋ ਸਕਿਆ। ਪਰ ਪੁਲ ’ਤੇ ਕੰਮ ਕਰ ਰਹੇ ਛੇ ਵਰਕਰਾਂ ਨੂੰ ਸਾਰਾ ਦਿਨ ਚਲੀ ਬਚਾਅ ਮੁਹਿੰਮ ਤੋਂ ਬਾਅਦ ਵੀ ਨਾ ਮਿਲਣ ਕਾਰਨ ਮ੍ਰਿਤਕ ਮੰਨ ਲਿਆ ਗਿਆ ਹੈ।
ਇਹ ਸਪੱਸ਼ਟ ਨਹੀਂ ਹੈ ਕਿ ਕਾਰਗੋ ਜਹਾਜ਼ ਦੇ ਪੁਲ ਨਾਲ ਟਕਰਾਉਣ ਦਾ ਕਾਰਨ ਕੀ ਸੀ। ਪਰ ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਤੋਂ ਕੁੱਝ ਸਕਿੰਟ ਪਹਿਲਾਂ ਜਹਾਜ਼ ਦੀ ਬਿਜਲੀ ਗੁੱਲ ਹੋ ਗਈ ਸੀ ਅਤੇ ਉਹ ਪੁਲ ਨਾਲ ਟਕਰਾ ਗਿਆ, ਜਿਸ ਕਾਰਨ ਲੋਕ ਅਤੇ ਗੱਡੀਆਂ ਠੰਡੀ ਨਦੀ ਵਿਚ ਡਿੱਗ ਗਏ। ਉਧਰ ਬ੍ਰਿਜ ਦੇ ਹੈਰਾਨੀਜਨਕ ਤਰੀਕੇ ਨਾਲ ਢਹਿ ਜਾਣ ਨਾਲ ਅਮਰੀਕਾ ਦੇ ਪੂਰਬੀ ਤੱਟ ‘ਤੇ ਸਭ ਤੋਂ ਵਿਅਸਤ ਬੰਦਰਗਾਹਾਂ ਵਿਚੋਂ ਇਕ ਦੇ ਦੁਆਲੇ ਜਹਾਜ਼ਾਂ ਅਤੇ ਟਰੱਕਾਂ ਦਾ ਰਾਹ ਮੋੜਿਆ ਜਾ ਰਿਹਾ ਹੈ, ਜਿਸ ਨਾਲ ਦੇਰੀ ਹੋ ਰਹੀ ਹੈ ਅਤੇ ਗਲੋਬਲ ਸਪਲਾਈ ਚੇਨ ਵਿਚ ਤਾਜ਼ਾ ਰੁਕਾਵਟ ਵਿਚ ਲਾਗਤ ਵਧ ਰਹੀ ਹੈ।
ਸਿਨਰਜੀ ਮਰੀਨ ਗਰੁੱਪ ਵਲੋਂ ਦਿਤੀ ਗਈ ਸਮੁੰਦਰੀ ਜਹਾਜ਼ ਦੀ ਜਾਣਕਾਰੀ ਮੁਤਾਬਕ ਜਹਾਜ਼ ਦੇ ਚਾਲਕ ਦਲ ਦੇ ਕੁਲ 22 ਮੈਂਬਰ ਸਨ ਅਤੇ ਇਹ ਸਾਰੇ ਭਾਰਤੀ ਹਨ ਜੋ ਸੁਰੱਖਿਅਤ ਹਨ। ਜਹਾਜ਼ ‘ਗ੍ਰੇਸ ਓਸ਼ਨ ਪ੍ਰਾਈਵੇਟ ਲਿਮਟਿਡ’ ਦੀ ਮਲਕੀਅਤ ਹੈ ਅਤੇ ਜਹਾਜ਼ ਬਾਲਟੀਮੋਰ ਤੋਂ ਕੋਲੰਬੋ ਜਾ ਰਿਹਾ ਸੀ।