ਅਮਰੀਕੀ ਲਾਅ ਵਿਭਾਗ ਨੇ Apple ਵਿਰੁਧ ਸਭ ਤੋਂ ਵੱਡਾ ਮੁਕੱਦਮਾ ਸ਼ੁਰੂ ਕੀਤਾ, ਜਾਣੋ ਕੀ ਲਾਏ ਦੋਸ਼

ਮੈਲਬਰਨ: ਅਮਰੀਕਾ ਦੇ ਨਿਆਂ ਵਿਭਾਗ ਨੇ ਐਪਲ ਖਿਲਾਫ ਐਂਟੀਟਰੱਸਟ ਮੁਕੱਦਮਾ ਸ਼ੁਰੂ ਕੀਤਾ ਹੈ। ਮੁਕੱਦਮੇ ‘ਚ ਦੋਸ਼ ਲਾਇਆ ਗਿਆ ਹੈ ਕਿ ਐਪਲ ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਮਾਰਟਫੋਨ ਬਾਜ਼ਾਰ ‘ਤੇ ਏਕਾਧਿਕਾਰ ਕਰ ਲਿਆ ਹੈ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਐਪਲ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਹੋਰਨਾਂ ਉਤਪਾਦਾਂ ਨੂੰ ਬਦਤਰ ਕਰ ਦਿੰਦਾ ਹੈ। ਜਿਵੇਂ ਜਦੋਂ ਕੋਈ iPhone ਵਾਲਾ ਵਿਅਕਤੀ ਦੂਜੇ iPhone ਵਾਲੇ ਵਿਅਕਤੀ ਨੂੰ ਮੈਸੇਜ ਭੇਜਦਾ ਹੈ ਤਾਂ ਇਹ ਨੀਲਾ ਦਿਸਦਾ ਹੈ ਜਦਕਿ ਕਿਸੇ ਹੋਰ ਕੰਪਨੀ ਦੇ ਫ਼ੋਨ ਵਾਲੇ ਵਿਕਅਤੀ ਨੂੰ ਮੈਸੇਜ ਭੇਜਿਆ ਜਾਂਦਾ ਹੈ ਤਾਂ ਇਹ ਹਰਾ ਹੋ ਜਾਂਦਾ ਹੈ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਵੀ ਸੀਮਤ ਹੋ ਜਾਂਦੀਆਂ ਹਨ। ਇਸ ਕਾਰਨ ਲੋਕ ਐਪਲ ਦੇ ਉਤਪਾਦਨਾਂ ਨੂੰ ਖ਼ਰੀਦਣ ਲਈ ਮਜਬੂਰ ਹੁੰਦੇ ਹਨ ਤਾਂ ਕਿ ਉਨ੍ਹਾਂ ਨੂੰ ਬਿਹਤਰ ਵਿਸ਼ੇਸ਼ਤਾਵਾਂ ਮਿਲ ਸਕਣ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਐਪਲ ਦੀਆਂ ਪਾਬੰਦੀਸ਼ੁਦਾ ਪ੍ਰਥਾਵਾਂ, ਜਿਵੇਂ ਕਿ CarPlay ਅਤੇ ਹੋਰ ਤਕਨਾਲੋਜੀਆਂ ‘ਤੇ ਪਾਬੰਦੀਆਂ ਲਗਾਉਣਾ, ਹੋਰ ਤਕਨਾਲੋਜੀਆਂ ਦੇ ਵਿਕਾਸ ਵਿੱਚ ਰੁਕਾਵਟ ਪਾ ਰਹੀਆਂ ਹਨ।

ਐਪਲ ਨੇ ਮੁਕੱਦਮੇ ਦਾ ਸਖਤ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਇਹ ਉਨ੍ਹਾਂ ਦੀ ਪਛਾਣ ਅਤੇ ਉਨ੍ਹਾਂ ਸਿਧਾਂਤਾਂ ਨੂੰ ਚੁਣੌਤੀ ਦਿੰਦਾ ਹੈ ਜੋ ਬਹੁਤ ਮੁਕਾਬਲੇਬਾਜ਼ ਬਾਜ਼ਾਰਾਂ ਵਿੱਚ ਐਪਲ ਉਤਪਾਦਾਂ ਨੂੰ ਵੱਖ ਕਰਦੇ ਹਨ। ਉਨ੍ਹਾਂ ਨੇ ਮੁਕੱਦਮੇ ਨੂੰ ‘ਤੱਥਾਂ ਅਤੇ ਕਾਨੂੰਨ ‘ਤੇ ਗਲਤ” ਕਿਹਾ ਹੈ ਅਤੇ ਕਿਹਾ ਹੈ ਕਿ ਉਹ ਇਸ ਦੇ ਵਿਰੁੱਧ ਜ਼ੋਰਦਾਰ ਢੰਗ ਨਾਲ ਕੰਪਨੀ ਦਾ ਬਚਾਅ ਕਰਨਗੇ।’ ਕੰਪਨੀ ਨੇ ਦੋਸ਼ ਲਾਇਆ ਹੈ ਕਿ ਸਰਕਾਰ ਲੋਕਾਂ ਦੀ ਤਕਨਾਲੋਜੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਜੇਕਰ Apple ਇਹ ਮੁਕੱਦਮਾ ਹਾਰ ਜਾਂਦਾ ਹੈ ਤਾਂ ਉਸ ਨੂੰ ਆਪਣੇ ਉਤਪਾਦ ਨੂੰ ਹੋਰ ਕੰਪਨੀਆਂ ਦੇ ਉਤਪਾਦਾਂ ਨਾਲ ਕੰਮ ਕਰਨ ਦੇ ਯੋਗ ਬਣਾਉਣੇ ਪੈਣਗੇ, ਜਿਵੇਂ ਐਪਲ ਵਾਚ ਐਂਡਰਾਇਡ ਫ਼ੋਨਾਂ ਨਾਲ ਕੰਮ ਕਰ ਸਕਦੀ ਹੈ, ਐਪਲ ਵਾਲੇਟ ਹਰ ਫ਼ੋਨ ’ਚ ਇੰਸਟਾਲ ਹੋ ਸਕਦਾ ਹੈ। ਹਾਲਾਂਕਿ ਇਸ ਤਰ੍ਹਾਂ ਦੇ ਮੁਕੱਦਮੇ ’ਚ ਫ਼ੈਸਲਾ ਆਉਣ ’ਚ ਕਈ ਸਾਲ ਲਗ ਜਾਂਦੇ ਹਨ।

Leave a Comment