ਮੈਲਬਰਨ: ਸਿਡਨੀ ’ਚ 180,000 ਡਾਲਰ ਦੀ ਕੀਮਤ ਦੇ ਭੰਗ ਦੇ ਪੌਦਿਆਂ ਨਾਲ ਭਰੇ ਇੱਕ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਤਿੰਨ ਵਿਅਕਤੀਆਂ ਵਿਰੁਧ ਚਾਰਜ ਲਗਾਏ ਗਏ ਹਨ। ਸਿਡਨੀ ਦੇ ਪੱਛਮ ’ਚ ਐਨਫੀਲਡ ਵਿਚ ਇਕ ਘਰ ਦੀ ਜਾਂਚ ਤੋਂ ਬਾਅਦ, ਜਿੱਥੇ ਕਥਿਤ ਤੌਰ ‘ਤੇ ਭੰਗ ਉਗਾਇਆ ਗਿਆ ਸੀ, ਪੁਲਿਸ ਨੇ ਕੱਲ੍ਹ ਘਰ ਤੋਂ ਨਿਕਲ ਚੁੱਕੇ ਟਰੱਕ ਅਤੇ ਇਕ ਸੇਡਾਨ ਨੂੰ ਲੱਭ ਕੇ ਜ਼ਬਤ ਕਰ ਲਿਆ। ਅਫ਼ਸਰਾਂ ਨੇ ਗੱਡੀ ਨੂੰ ਬੇਲਫੀਲਡ ਦੇ ਨੇੜਲੇ ਸਬਅਰਬ ਵਿੱਚ ਰੋਕਿਆ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਵਿੱਚ 120 ਤੋਂ ਵੱਧ ਭੰਗ ਦੇ ਪੌਦੇ ਮਿਲੇ ਸਨ।
ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਤਿੰਨ ‘ਤੇ ਭੰਗ ਨੂੰ ਵੇਚਣ ਲਈ ਖੇਤੀ ਵਿਚ ਹਿੱਸਾ ਲੈਣ ਸਮੇਤ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਤਿੰਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਅੱਜ ਬਾਅਦ ਵਿੱਚ ਬਰਵੁੱਡ ਸਥਾਨਕ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਬਾਕੀ ਦੋ ਵਿਅਕਤੀਆਂ ਨੂੰ ਅਗਲੇਰੀ ਜਾਂਚ ਤੱਕ ਰਿਹਾਅ ਕਰ ਦਿੱਤਾ ਗਿਆ ਹੈ। ਟਰੱਕ ਨੂੰ ਜ਼ਬਤ ਕਰਨ ਤੋਂ ਇਲਾਵਾ ਪੁਲਿਸ ਨੇ ਐਨਫੀਲਡ ਸਥਿਤ ਘਰ ‘ਤੇ ਵੀ ਛਾਪਾ ਮਾਰਿਆ। ਪੁਲਿਸ ਨੇ ਦੱਸਿਆ ਕਿ ਸੁੱਕੇ ਭੰਗ ਦੇ ਨਾਲ ਲਗਭਗ 37 ਪੌਦੇ ਜ਼ਬਤ ਕੀਤੇ ਗਏ ਹਨ। ਜ਼ਬਤ ਕੀਤੇ ਗਏ ਪੌਦਿਆਂ ਦੀ ਅੰਦਾਜ਼ਨ ਕੀਮਤ 55,500 ਡਾਲਰ ਹੈ।