ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਹੁਣ ਵਿਜ਼ਟਰ ਵੀਜ਼ੇ `ਤੇ ਆਸਟ੍ਰੇਲੀਆ ਆ ਕੇ ਸਟੱਡੀ ਵੀਜ਼ਾ ਲੈਣ ਵਾਲਾ ਰਾਹ ਬੰਦ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਹੁਣ ਤੋਂ ਵਿਜ਼ਟਰ ਵੀਜ਼ੇ ਵਾਸਤੇ (8503 ਸ਼ਰਤ, ਨੋ ਫਰਦਰ ਸਟੇਅ) ਸ਼ਰਤ ਲਾਈ ਜਾਵੇਗੀ। ਇਹ ਸ਼ਰਤ ਨਵੇਂ ਐਪਲੀਕੈਂਟਸ `ਤੇ ਲਾਗੂ ਹੋਵੇਗੀ ਜੋ ਨਵੀਂ ਜਾਂ ਨਵੇਂ ਸਿਰੇ ਤੋਂ ਐਪਲੀਕੇਸ਼ਨ ਇਮੀਗਰੇਸ਼ਨ ਕੋਲ ਦੇਣਗੇ।
ਆਮ ਕਰਕੇ ਪਹਿਲਾਂ ਕਈ ਲੋਕ ਵਿਜ਼ਟਰ ਵੀਜ਼ੇ `ਤੇ ਆਸਟ੍ਰੇਲੀਆ ਆ ਜਾਂਦੇ ਸਨ। ਉਨ੍ਹਾਂ ਦੇ ਵੀਜ਼ੇ `ਤੇ ਕੋਈ ਸ਼ਰਤ ਨਹੀਂ ਹੁੰਦੀ ਸੀ, ਜਿਸ ਕਰਕੇ ਉਹ ਆਸਟ੍ਰੇਲੀਆ ਆਉਣ ਤੋਂ ਬਾਅਦ ਸਟੱਡੀ ਵੀਜ਼ਾ ਅਪਲਾਈ ਕਰ ਦਿੰਦੇ ਸਨ। ਪਰ ਹੁਣ ਨਵੇਂ ਐਲਾਨ ਮੁਤਾਬਕ ਜਿਆਦਾਤਰ ਵਿਜ਼ਟਰ ਵੀਜਿ਼ਆਂ `ਤੇ ਸ਼ਰਤ ਲੱਗ ਜਾਇਆ ਕਰੇਗੀ ਕਿ ਉਨ੍ਹਾਂ ਦਾ ਵਿਜ਼ਟਰ ਵੀਜ਼ਾ ਕਿਸੇ ਹੋਰ ਵੀਜ਼ੇ ਵਿੱਚ ਤਬਦੀਲ ਨਹੀਂ ਕੀਤਾ ਜਾ ਸਕੇਗਾ। ਭਾਵ ਉਨ੍ਹਾਂ ਨੂੰ ਵਿਜ਼ਟਰ ਵੀਜ਼ੇ `ਤੇ ਵਾਪਸ ਮੁੜਨਾ ਪਿਆ ਕਰੇਗਾ।