ਮੈਲਬਰਨ: ਮੈਲਬਰਨ ਦੇ ਉੱਤਰੀ ਇਲਾਕੇ ‘ਚ ਇਕ ਫੈਕਟਰੀ ਅੰਦਰੋਂ ਪੁਲਿਸ ਨੇ 500 ਤੋਂ ਜ਼ਿਆਦਾ ਭੰਗ ਦੇ ਪੌਦੇ ਜ਼ਬਤ ਕੀਤੇ ਹਨ। ਇਕ ਵੱਡੇ ‘ਸੈੱਟਅਪ’ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕੀਤੀ ਸੀ। ਪੁਲਿਸ ਨੇ ਦੁਪਹਿਰ 3 ਵਜੇ ਦੇ ਕਰੀਬ ਫੌਕਨਰ ਦੀ ਲਿਓ ਸਟ੍ਰੀਟ ‘ਤੇ ਇੱਕ ਫੈਕਟਰੀ ਵਿੱਚ ਤਲਾਸ਼ੀ ਵਾਰੰਟ ਨੂੰ ਲਾਗੂ ਕਰਨ ਤੋਂ ਬਾਅਦ ਪੌਦੇ ਲੱਭੇ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 566 ਭੰਗ ਦੇ ਪੌਦਿਆਂ ਦੀ ਸੰਭਾਵਿਤ ਕੀਮਤ 14 ਲੱਖ ਡਾਲਰ ਹੈ। ਸੇਂਟ ਅਲਬੈਂਸ ਦੇ 20 ਅਤੇ 45 ਸਾਲ ਦੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ‘ਤੇ ਵੱਡੀ ਮਾਤਰਾ ‘ਚ ਭੰਗ ਦੀ ਖੇਤੀ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ 30 ਜੁਲਾਈ ਨੂੰ ਮੈਲਬਰਨ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਹੋਣ ਲਈ ਜ਼ਮਾਨਤ ਦੇ ਦਿੱਤੀ ਗਈ ਹੈ।